ਹੈਦਰਾਬਾਦ, 18 ਅਪਰੈਲ
ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਡੇਵਿਡ ਵਾਰਨਰ ਅਤੇ ਜਾਨੀ ਬੇਅਰਸਟਾ ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ ਸਨਰਾਈਜ਼ ਹੈਦਰਾਬਾਦ ਨੇ ਆਈਪੀਐੱਲ ਦੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਜਿੱਤ ਦੇ ਰਾਹ ਉੱਤੇ ਵਾਪਸੀ ਕੀਤੀ ਹੈ। ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਬਿਨਾਂ ਉੱਤਰੀ ਚੇਨੱਈ ਸੁਪਰ ਕਿੰਗਜ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਉੱਤੇ 132 ਦੌੜਾਂ ਹੀ ਬਣਾ ਸਕੀ। ਇਸ ਦੇ ਜਵਾਬ ਵਿੱਚ ਪਿਛਲੇ ਤਿੰਨ ਮੈਚ ਹਰ ਚੁੱਕੀ ਹੈਦਰਾਬਾਦ ਨੇ ਵਾਰਨਰ ਅਤੇ ਬੇਅਰਸਟਾ ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ 16.5 ਓਵਰਾਂ ਵਿੱਚ ਹੀ ਟੀਚਾ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਚੇਨੱਈ ਸੁਪਰ ਕਿੰਗਜ਼ ਨੂੰ ਪੰਜ ਵਿਕਟਾਂ ’ਤੇ 132 ਦੌੜਾਂ ਹੀ ਬਣਾਉਣ ਦਿੱਤੀਆਂ। ਮਹਿੰਦਰ ਸਿੰਘ ਧੋਨੀ ਦੀ ਥਾਂ ਇਸ ਮੈਚ ਵਿੱਚ ਸੁਰੇਸ਼ ਨੇ ਚੇਨੱਈ ਦੀ ਕਪਤਾਨੀ ਕੀਤੀ। ਉਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਸਨਰਾਈਜ਼ਰਜ਼ ਦੇ ਗੇਂਦਬਾਜ਼ਾਂ ਨੇ 22 ਦੌੜਾਂ ਦੇ ਅੰਦਰ ਪੰਜ ਵਿਕਟਾਂ ਲੈ ਲਈਆਂ। ਸਲਾਮੀ ਬੱਲੇਬਾਜ਼ ਫਾਫ ਡੂ ਪਲੈਸਿਸ ਨੇ 31 ਗੇਂਦਾਂ ਵਿੱਚ ਸਭ ਤੋਂ ਵੱਧ 45 ਦੌੜਾਂ ਬਣਾਈਆਂ, ਜਦਕਿ ਸ਼ੇਨ ਵਾਟਸਨ (31 ਦੌੜਾਂ) ਨਾਲ 79 ਦੌੜਾਂ ਦੀ ਭਾਈਵਾਲੀ ਵੀ ਕੀਤੀ। ਵਿਸ਼ਵ ਕੱਪ ਟੀਮ ਲਈ ਨਾ ਚੁਣਿਆ ਜਾਣ ਵਾਲਾ ਅੰਬਾਤੀ ਰਾਇਡੂ 21 ਗੇਂਦਾਂ ਵਿੱਚ 25 ਦੌੜਾਂ ਬਣਾ ਕੇ ਨਾਬਾਦ ਰਿਹਾ। ਲੈੱਗ ਸਪਿੰਨਰ ਰਾਸ਼ਿਦ ਖ਼ਾਨ ਨੇ ਚਾਰ ਓਵਰਾਂ ਵਿੱਚ 17 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਨੇ 21 ਦੌੜਾਂ ਦਿੱਤੀਆਂ, ਪਰ ਵਿਕਟ ਨਹੀਂ ਲੈ ਸਕਿਆ, ਜਦਕਿ ਖਲੀਲ ਅਹਿਮਦ ਨੇ 22 ਦੌੜਾਂ ਦੇ ਕੇ ਇੱਕ ਵਿਕਟ ਝਟਕਾਈ। ਪਹਿਲੇ ਓਵਰ ਵਿੱਚ ਭੁਵਨੇਸ਼ਵਰ ਇੱਕ ਹੀ ਦੌੜ ਬਣਾ ਸਕਿਆ। ਡੂ ਪਲੈਸਿਸ ਨੇ ਚੌਥੇ ਓਵਰ ਵਿੱਚ ਖਲੀਲ ਨੂੰ ਚੌਕਾ ਮਾਰ ਕੇ ਦਬਾਅ ਘਟਾਇਆ।