ਮੈਨੂੂੰ ਸਥਾਨਕ ਸਰਕਾਰਾਂ ਵਿਭਾਗ ’ਚੋਂ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਨੂੂੰ ਅਜੇ ਛੇ ਕੁਝ ਮਹੀਨੇ ਹੀ ਹੋਏ ਸਨ। ਕੁਰਸੀ ਦਾ ਗ਼ਰੂਰ ਅਜੇ ਤੱਕ ਦਿਲੋ-ਦਿਮਾਗ਼ ਵਿਚੋਂ ਨਿਕਲਿਆ ਨਹੀਂ ਸੀ। ਸ਼ਹਿਰ ’ਚ ਲੋਕਾਂ ਨਾਲ ਵਿਚਰਦਿਆਂ ਉਸੇ ਲਹਿਜੇ ਨਾਲ ਪੇਸ਼ ਆਉਂਦਾ ਜਿਵੇਂ ਮਹਿਕਮੇ ’ਚ ਮੁਲਾਜ਼ਮਾਂ ਤੇ ਵਾਹ ਪੈਣ ਵਾਲੇ ਲੋਕਾਂ ਨਾਲ। ਅਫ਼ਸਰੀ ਦਾ ਭੁਲੇਖਾ ਅਜੇ ਵੀ ਕਦੇ ਕਦੇ ਸਿਰ ਚੜ੍ਹ ਕੇ ਬੋਲਦਾ।
ਸਰਕਾਰ ਵੱਲੋਂ ਐਲਾਨੇ ਕੋਵਿਡ-19 ਦੇ ਮੁਫ਼ਤ ਟੀਕਾ ਲਗਵਾਉਣ ਦੀ ਭਿਣਕ ਮੈਨੂੂੰ ਵੀ ਪੈ ਗਈ। ਮੈਂ ਆਪਣਾ ਆਧਾਰ ਕਾਰਡ ਲੈ ਕੇ ਟੀਕਾ ਲਗਵਾਉਣ ਲਈ ਸਰਕਾਰੀ ਹਸਪਤਾਲ ਚਲਾ ਗਿਆ। ਕੋਵਿਡ ਕੇਂਦਰ ਦੇ ਗੇਟ ਉੱਤੇ ਇਕ ਪੁਲੀਸ ਕਰਮਚਾਰੀ ਡਿਊਟੀ ’ਤੇ ਖੜ੍ਹਾ ਸੀ। ਮੁੱਛਾਂ ਕੁੰਢੀਆਂ, ਅੱਖਾਂ ਲਾਲ, ਵਰਦੀ ਪੂਰੀ ਕਸ ਕੇ ਬੜਾ ਚੁਸਤ ਲੱਗ ਰਿਹਾ ਸੀ। ਜਦੋਂ ਮੇਰੀ ਵਾਰੀ ਆਈ ਤਾਂ ਉਸ ਨੇ ਰੋਅਬ ਨਾਲ ਪੁੱਛਿਆ, ‘‘ਦੱਸੋ, ਕੀ ਕੰਮ ਹੈ?’’ ਮੈਂ ਵੀ ਪੂਰੀ ਹੈਂਕੜ ’ਚ ਕਿਹਾ, ‘‘ਕਰੋਨਾ ਦਾ ਟੀਕਾ ਲਗਵਾਉਣਾ ਹੈ।’’ ਉਸ ਨੇ ਕਿਹਾ, ‘‘ਆਧਾਰ ਕਾਰਡ ਦਿਖਾਉ।’’ ਮੈਂ ਜੇਬ੍ਹ ’ਚੋਂ ਕੱਢ ਕੇ ਕਾਰਡ ਦਿਖਾ ਦਿੱਤਾ। ਉਸ ਨੇ ਕਾਰਡ ਵਾਪਸ ਕਰਦਿਆਂ ਆਕੜ ਨਾਲ ਕਿਹਾ, ‘‘ਇਹ ਟੀਕਾ ਤੁਹਾਡੇ ਨਹੀਂ ਲੱਗ ਸਕਦਾ ਕਿਉਂਕਿ ਤੁਹਾਡੀ ਉਮਰ ਅਜੇ ਸੱਠ ਸਾਲ ਨਹੀਂ ਹੋਈ।’’
ਮੈਂ ਬੜਾ ਵੱਟ ਖਾਧਾ ਤੇ ਅੰਦਰੋ-ਅੰਦਰੀਂ ਤੜਪ ਗਿਆ। ਮੇਰੇ ਅੰਦਰਲਾ ਅਫ਼ਸਰ ਜਾਗ ਪਿਆ। ਮੈਂ ਕਿਹਾ, ‘‘ਮੈਂ ਵੀ ਅਫ਼ਸਰ ਰਿਟਾਇਰ ਹੋਇਆ ਹਾਂ, ਤੈਨੂੂੰ ਦੇਖ ਲਵਾਂਗਾ।’’ ਉਸ ਨੇ ਮੇਰਾ ਮੋਢਾ ਫੜ ਕੇ ਕਿਹਾ, ‘‘ਹੋਏਂਗਾ ਕਾਰਜਕਾਰੀ ਅਧਿਕਾਰੀ, ਕਾਨੂੂੰਨ ਤਾਂ ਕਾਨੂੂੰਨ ਹੈ। ਜਾ ਕੰਮ ਕਰ।’’ ਉਸ ਨੇ ਮੇਰੀ ਬਾਂਹ ਫ਼ੜ ਕੇ ਕਤਾਰ ’ਚੋਂ ਬਾਹਰ ਕੱਢ ਦਿੱਤਾ। ਐਨਾ ਹੁੰਦੇ ਹੀ ਮੇਰੀ ਹੈਂਕੜ ਦੀ ਸਾਰੀ ਫ਼ੂਕ ਨਿਕਲ ਗਈ।