ਪ੍ਰੋਵਿਡੈਂਸ (ਗੁਯਾਨਾ), 27 ਜੁਲਾਈ
ਸ਼ਿਮਰੌਨ ਹੇਟਮੇਅਰ ਦੇ ਸੈਂਕੜੇ ਦੀ ਬਦੌਲਤ ਵੈਸਟ ਇੰਡੀਜ਼ ਨੇ ਦੂਜੇ ਇਕ ਰੋਜ਼ਾ ਮੈਚ ਵਿੱਚ ਬੰਗਲਾਦੇਸ਼ ਨੂੰ ਤਿੰਨ ਦੌੜਾਂ ਦੀ ਸ਼ਿਕਸਤ ਦਿੱਤੀ। ਇਸ ਜਿੱਤ ਨਾਲ ਮੇਜ਼ਬਾਨ ਟੀਮ ਬੈਸਟ ਆਫ਼ ਥ੍ਰੀ ਲੜੀ ਵਿੱਚ 1-1 ਦੀ ਬਰਾਬਰੀ ’ਤੇ ਆ ਗਈ ਹੈ। ਬੰਗਲਾਦੇਸ਼ ਨੂੰ ਆਖਰੀ ਓਵਰ ਵਿੱਚ ਜਿੱਤ ਲਈ ਅੱਠ ਦੌੜਾਂ ਦੀ ਦਰਕਾਰ ਸੀ, ਜਿਸ ਨੂੰ ਬਣਾਉਣ ਵਿੱਚ ਮਹਿਮਾਨ ਟੀਮ ਨਾਕਾਮ ਰਹੀ। ਵੈਸਟ ਇੰਡੀਜ਼ ਲਈ ਸ਼ਿਮਰੌਨ ਨੇ 93 ਗੇਂਦਾਂ ’ਚ 125 ਦੌੜਾਂ ਦੀ ਪਾਰੀ ਖੇਡੀ, ਜਿਸ ਦੀ ਮਦਦ ਨਾਲ ਮੇਜ਼ਬਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ਵਿੱਚ 271 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਟੀਮ 6 ਵਿਕਟਾਂ ਦੇ ਨੁਕਸਾਨ ਨਾਲ 268 ਦੌੜਾਂ ਹੀ ਬਣਾ ਸਕੀ। ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ 66 ਦੌੜਾਂ ਬਦਲੇ ਇਕ ਵਿਕਟ ਲਿਆ। ਹੋਲਡਰ ਨੇ 50ਵੇਂ ਓਵਰ ਵਿੱਚ ਮੁਸ਼ਫਿਕਰ ਰਹੀਮ (68) ਨੂੰ ਮਿਡ ਵਿਕਟ ’ਤੇ ਕੈਚ ਆਊਟ ਕਰਾਇਆ। ਬੰਗਲਾਦੇਸ਼ ਲਈ ਤਮੀਮ ਇਕਬਾਲ (54) ਤੇ ਸ਼ਾਕਿਬ ਅਲ ਹਸਨ (56) ਨੇ ਅਹਿਮ ਪਾਰੀਆਂ ਖੇਡੀਆਂ। ਮੁਸ਼ਫਿਕਰ ਤੇ ਮਹਿਮੂਦੁੱਲ੍ਹਾ ਨੇ ਚੌਥੇ ਵਿਕਟ ਲਈ 87 ਦੌੜਾਂ ਜੋੜੀਆਂ।