ਮੁੰਬਈ:ਅਦਾਕਾਰਾ ਹੁਮਾ ਕੁਰੈਸ਼ੀ ਨੇ ਵੈੱਬ ਸੀਰੀਜ਼ ‘ਮਹਾਰਾਨੀ’ ਦੇ ਦੂਜੇ ਭਾਗ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ‘ਗੈਂਗਜ਼ ਆਫ ਵਾਸੇਪੁਰ’ ਲਈ ਜਾਣੀ ਜਾਂਦੀ ਹੁਮਾ ਨੇ ਸੀਰੀਜ਼ ਦੇ ਪਹਿਲੇ ਭਾਗ ਵਿੱਚ ਰਾਣੀ ਭਾਰਤੀ ਦਾ ਕਿਰਦਾਰ ਨਿਭਾਇਆ ਸੀ ਜੋ ਬਿਹਾਰ ਦੀ ਮੁੱਖ ਮੰਤਰੀ ਚੁਣੀ ਜਾਂਦੀ ਹੈ। 35 ਸਾਲਾ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਰਾਣੀ ਵਾਲੇ ਪਹਿਰਾਵੇ ਵਿੱਚ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਮਹਾਰਾਣੀ ਦਾ ਭੁਪਾਲੀ ਮਿਜਾਜ਼। ਦੂਜੇ ਭਾਗ ਲਈ ਕੌਣ-ਕੌਣ ਉਤਾਵਲਾ ਹੈ?’’ ਕੁਰੈਸ਼ੀ ਨੇ ਸੁਭਾਸ਼ ਕਪੂਰ ਵੱਲੋਂ ਬਣਾਈ ਜਾ ਰਹੀ ਸੀਰੀਜ਼ ਦੀ ਸ਼ੂਟਿੰਗ ਪਿਛਲੇ ਹਫ਼ਤੇ ਸ਼ੁਰੂ ਕਰ ਦਿੱਤੀ ਸੀ। ਉਸ ਨੇ ਇਸ ਤੋਂ ਪਹਿਲਾਂ ਸੁਭਾਸ਼ ਨਾਲ 2017 ਵਿੱਚ ‘ਜੌਲੀ ਐੱਲਐੱਲਬੀ2’ ਵਿੱਚ ਕੰਮ ਕੀਤਾ ਸੀ। ਇਸ ਸੀਰੀਜ਼ ਦੇ ਪਹਿਲੇ ਭਾਗ ਦਾ ਨਿਰਦੇਸ਼ਨ ਕਰਨ ਸ਼ਰਮਾ ਨੇ ਕੀਤਾ ਸੀ। ਇਸ ਵਿੱਚ ਸੋਹਮ ਸ਼ਾਹ, ਅਮਿਤ ਸਿਆਲ, ਕਾਨੀ ਕੁਸਰੁਤੀ, ਵਿਨੀਤ ਕੁਮਾ ਅਤੇ ਇਨਾਮਉਲਹੱਕ ਨੇ ਵੀ ਅਹਿਮ ਕਿਰਦਾਰ ਅਦਾ ਕੀਤੇ ਸਨ।