ਇੰਡੋਨੇਸ਼ੀਆ ਵਿੱਚ ਸ਼ਨੀਵਾਰ ਸਵੇਰੇ 7.7 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨੇ ਕਈ ਇਲਾਕਿਆਂ ਨੂੰ ਹਿਲਾ ਕੇ ਰੱਖ ਦਿੱਤਾ। ਤੇਜ਼ ਝਟਕਿਆਂ ਕਾਰਨ ਲੋਕਾਂ ਵਿੱਚ ਡਰ ਅਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਭੂਚਾਲ ਕਾਰਨ ਹੁਣ ਤੱਕ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦਕਿ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ।
ਭੂਚਾਲ ਮਗਰੋਂ ਕਈ ਆਫ਼ਟਰਸ਼ੌਕ
ਮੁੱਖ ਭੂਚਾਲ ਤੋਂ ਬਾਅਦ ਇਲਾਕੇ ਵਿੱਚ ਕਈ ਆਫ਼ਟਰਸ਼ੌਕ ਵੀ ਮਹਿਸੂਸ ਕੀਤੇ ਗਏ। ਇਨ੍ਹਾਂ ਵਿੱਚ 5.9, 5.6 ਅਤੇ 6.1 ਤੀਬਰਤਾ ਦੇ ਝਟਕੇ ਸ਼ਾਮਲ ਸਨ। ਭੂਚਾਲ ਤੋਂ ਬਾਅਦ ਸ਼ੁਰੂ ਵਿੱਚ ਕਈ ਤੱਟੀ ਇਲਾਕਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ, ਪਰ ਕੁਝ ਘੰਟਿਆਂ ਬਾਅਦ ਇਸਨੂੰ ਹਟਾ ਲਿਆ ਗਿਆ। ਫਿਲਹਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਰਹਿਣ ਲਈ ਕਿਹਾ ਗਿਆ ਹੈ।
ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਕੁਝ ਵੀਡੀਓਜ਼ ਵਿੱਚ ਇਮਾਰਤਾਂ ਡਿੱਗਦੀਆਂ ਅਤੇ ਨੁਕਸਾਨੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਕਈ ਲੋਕ ਭੂਚਾਲ ਤੋਂ ਬਾਅਦ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਨਿਕਲਦੇ ਵੀ ਨਜ਼ਰ ਆ ਰਹੇ ਹਨ। ਹਾਲਾਂਕਿ, ਇਨ੍ਹਾਂ ਵੀਡੀਓਜ਼ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ।
ਸਮੁੰਦਰ ਦੇ ਹੇਠਾਂ ਸੀ ਭੂਚਾਲ ਦਾ ਕੇਂਦਰ
ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 6 ਵਜੇ ਆਇਆ। ਇਸ ਦਾ ਕੇਂਦਰ ਐਂਡੇ ਸ਼ਹਿਰ ਤੋਂ ਲਗਭਗ 68 ਕਿਲੋਮੀਟਰ ਦੂਰ ਸਮੁੰਦਰ ਦੇ ਹੇਠਾਂ ਸੀ। ਭੂਚਾਲ ਕਰੀਬ 10 ਕਿਲੋਮੀਟਰ ਦੀ ਗਹਿਰਾਈ ’ਤੇ ਆਇਆ।
ਇੰਡੋਨੇਸ਼ੀਆ ’ਚ ਭੂਚਾਲ ਕਿਉਂ ਆਉਂਦੇ ਹਨ?
ਇੰਡੋਨੇਸ਼ੀਆ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ‘ਰਿੰਗ ਆਫ਼ ਫਾਇਰ’ ਵਿੱਚ ਸਥਿਤ ਹੈ। ਇਸ ਖੇਤਰ ਦੇ ਹੇਠਾਂ ਅਤੇ ਆਲੇ-ਦੁਆਲੇ ਕਈ ਵੱਡੀਆਂ ਭੂ-ਵਿਗਿਆਨਕ ਪਲੇਟਾਂ ਮੌਜੂਦ ਹਨ, ਜੋ ਲਗਾਤਾਰ ਹੌਲੀ-ਹੌਲੀ ਖਿਸਕਦੀਆਂ ਰਹਿੰਦੀਆਂ ਹਨ।
ਜਦੋਂ ਇਹ ਪਲੇਟਾਂ ਆਪਸ ਵਿੱਚ ਟਕਰਾਉਂਦੀਆਂ ਹਨ ਜਾਂ ਇੱਕ ਪਲੇਟ ਦੂਜੀ ਦੇ ਹੇਠਾਂ ਚਲੀ ਜਾਂਦੀ ਹੈ ਤਾਂ ਧਰਤੀ ਦੇ ਅੰਦਰ ਦਬਾਅ ਬਣਦਾ ਹੈ। ਇਹ ਦਬਾਅ ਅਚਾਨਕ ਬਾਹਰ ਨਿਕਲਣ ’ਤੇ ਭੂਚਾਲ ਆਉਂਦਾ ਹੈ। ਸਮੁੰਦਰ ਦੇ ਹੇਠਾਂ ਪਲੇਟਾਂ ਦੀ ਹਲਚਲ ਕਾਰਨ ਇੱਥੇ ਸਮੁੰਦਰੀ ਭੂਚਾਲ ਵੀ ਅਕਸਰ ਆਉਂਦੇ ਹਨ। ਤੇਜ਼ ਭੂਚਾਲ ਕਾਰਨ ਜੇ ਸਮੁੰਦਰ ਦਾ ਪਾਣੀ ਅਚਾਨਕ ਉੱਪਰ-ਹੇਠਾਂ ਹੋਵੇ ਤਾਂ ਸੁਨਾਮੀ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਇਸੇ ਕਾਰਨ ਇੰਡੋਨੇਸ਼ੀਆ ਵਿੱਚ ਭੂਚਾਲ ਦੇ ਨਾਲ ਜਵਾਲਾਮੁਖੀ ਅਤੇ ਸੁਨਾਮੀ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
