ਓਟਵਾ, 18 ਜਨਵਰੀ : ਚੀਨ ਦੇ ਸਫੀਰ ਲੂ ਸ਼ਾਯੇ ਨੇ ਵੀਰਵਾਰ ਨੂੰ ਆਖਿਆ ਕਿ ਕੈਨੇਡਾ ਵੱਲੋਂ ਹੁਆਵੇਈ ਦੀ ਸੀਨੀਅਰ ਐਗਜੈ਼ਕਟਿਵ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਤਲਬ ਆਪਣੇ ਦੋਸਤ ਦੀ ਪਿੱਠ ਵਿੱਚ ਛੁਰਾ ਮਾਰਨਾ ਹੈ। ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਕਿ ਜੇ ਉਸ ਸੀਨੀਅਰ ਐਗਜ਼ੈਕਟਿਵ ਦੀ ਟੈਲੀਕੌਮ ਕੰਪਨੀ ਨੂੰ ਕੈਨੇਡਾ ਵਿੱਚ 5 ਜੀ ਨੈੱਟਵਰਕ ਕਾਇਮ ਕਰਨ ਤੋਂ ਰੋਕਣ ਦੀ ਫੈਡਰਲ ਸਰਕਾਰ ਵੱਲੋਂ ਕੋਸਿ਼ਸ਼ ਕੀਤੀ ਗਈ ਤਾਂ ਉਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।
ਓਟਵਾ ਵਿੱਚ ਚੀਨੀ ਅੰਬੈਸੀ ਦੇ ਬਾਹਰ ਕੈਨੇਡੀਅਨ ਪੱਤਰਕਾਰਾਂ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਦੁਭਾਸ਼ੀਏ ਰਾਹੀਂ ਗੱਲ ਕਰਦਿਆਂ ਲੂ ਨੇ ਆਖਿਆ ਕਿ ਚੀਨ ਵਿੱਚ ਇਹ ਅਖੌਤ ਹੈ ਕਿ ਚੰਗਾ ਦੋਸਤ ਦੂਜੇ ਦੋਸਤ ਵੱਲੋਂ ਚਾਕੂ ਨਾਲ ਕੀਤੇ ਹਮਲੇ ਦੌਰਾਨ ਢਾਲ ਬਣ ਕੇ ਆਪਣੇ ਦੋਸਤ ਲਈ ਜਾਣ ਵੀ ਦੇ ਦਿੰਦਾ ਹੈ। ਪਰ ਇਸ ਮਾਮਲੇ ਵਿੱਚ ਬਿਲਕੁਲ ਉਲਟ ਹੋਇਆ ਹੈ ਇਸ ਨੂੰ ਹੀ ਧੋਖੇਬਾਜ਼ੀ ਆਖਿਆ ਜਾਂਦਾ ਹੈ। ਲੂ ਨੇ ਆਖਿਆ ਕਿ ਕੈਨੇਡਾ ਵੱਲੋਂ ਹੁਆਵੇਈ ਦੀ ਚੀਫ ਫਾਇਨਾਂਸ਼ੀਅਲ ਆਫੀਸਰ ਮੈਂਗ ਵਾਨਜ਼ੋਊ ਦੀ ਕੀਤੀ ਗਈ ਗ੍ਰਿਫਤਾਰੀ ਸਿਆਸੀ ਤੌਰ ਉੱਤੇ ਪ੍ਰੇਰਿਤ ਸੀ।
ਅਮਰੀਕਾ ਦੀ ਬੇਨਤੀ ਉੱਤੇ ਪਹਿਲੀ ਦਸੰਬਰ ਨੂੰ ਵੈਨਕੂਵਰ ਵਿੱਚ ਮੈਂਗ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰੀ ਚੀਨ ਦੇ ਸਫੀਰ ਵੱਲੋਂ ਕਿਸੇ ਮੀਡੀਆ ਈਵੈਂਟ ਵਿੱਚ ਉਕਤ ਬਿਆਨ ਦਿੱਤੇ ਗਏ। ਇਸ ਮੁੱਦੇ ਕਾਰਨ ਕੈਨੇਡਾ ਤੇ ਚੀਨ ਦੇ ਸਬੰਧਾਂ ਨੂੰ ਕਾਫੀ ਢਾਹ ਲੱਗੀ ਹੈ। ਮੈਂਗ ਦੀ ਗ੍ਰਿਫਤਾਰੀ ਤੋਂ ਬਾਅਦ ਚੀਨ ਨੇ ਛੁੱਟੀ ਉੱਤੇ ਚੱਲ ਰਹੇ ਕੈਨੇਡੀਅਨ ਡਿਪਲੋਮੈਟ ਮਾਈਕਲ ਕੋਵਰਿਗ ਤੇ ਕਾਰੋਬਾਰੀ ਮਾਈਕਲ ਸਪੇਵਰ ਨੂੰ ਦੇਸ਼ ਦੀ ਸਕਿਊਰਿਟੀ ਨੂੰ ਖਤਰਾ ਦੱਸ ਕੇ ਨਜ਼ਰਬੰਦ ਕਰ ਲਿਆ।
ਪੱਛਮੀਂ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਗ੍ਰਿਫਤਾਰੀਆਂ ਬੀਜਿੰਗ ਵੱਲੋਂ ਮੈਂਗ ਨੂੰ ਰਿਹਾਅ ਕਰਨ ਲਈ ਕੈਨੇਡਾ ਉੱਤੇ ਦਬਾਅ ਪਾਏ ਜਾਣ ਵਾਸਤੇ ਕੀਤੀਆਂ ਗਈਆਂ ਹਨ। ਜਿ਼ਕਰਯੋਗ ਹੈ ਕਿ ਮੈਂਗ ਦੀ ਕੰਪਨੀ ਉੱਤੇ ਚੀਨ ਦੀ ਖੁਫੀਆ ਏਜੰਟ ਹੋਣ ਦਾ ਦੋਸ਼ ਹੈ। ਇਸ ਦੌਰਾਨ ਲੂ ਨੇ ਇਹ ਵੀ ਆਖਿਆ ਕਿ ਉਹ ਆਸ ਕਰਦੇ ਹਨ ਕਿ ਕੈਨੇਡਾ ਆਪਣੇ ਹੋਰਨਾਂ ਭਾਈਵਾਲਾਂ- ਅਮਰੀਕਾ, ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਤਰਜ਼ ਉੱਤੇ ਹੁਆਵੇਈ ਨੂੰ ਕੈਨੇਡਾ ਵਿੱਚ ਆਪਣਾ 5 ਜੀ ਨੈੱਟਵਰਕ ਕਾਇਮ ਕਰਨ ਤੋਂ ਨਹੀਂ ਰੋਕੇਗਾ। ਇੱਥੇ ਦੱਸਣਾ ਬਣਦਾ ਹੈ ਕਿ ਟਰੂਡੋ ਸਰਕਾਰ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ ਹੁਆਵੇਈ ਉੱਤੇ ਪਾਬੰਦੀ ਲਾਵੇਗੀ ਜਾਂ ਨਹੀਂ।
ਲੂ ਨੇ ਆਖਿਆ ਕਿ ਜੇ ਕੈਨੇਡਾ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਉਸ ਦੇ ਗੰਭੀਰ ਸਿੱਟੇ ਨਿਕਲਣਗੇ। ਉਨ੍ਹਾਂ ਇਹ ਵੀ ਆਖਿਆ ਕਿ ਗੱਲਬਾਤ ਰਾਹੀਂ ਦੋਵੇਂ ਧਿਰਾਂ ਗੰਧਲੇ ਪਏ ਰਿਸ਼ਤਿਆਂ ਨੂੰ ਸੁਧਾਰ ਸਕਦੀਆਂ ਹਨ। ਇਸ ਤੋਂ ਇਲਾਵਾ ਚੀਨ ਵਿੱਚ ਦੋਵਾਂ ਕੈਨੇਡੀਅਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਫੈਸਲੇ ਨੂੰ ਲੂ ਨੇ ਸਹੀ ਦੱਸਿਆ ਜਦਕਿ ਮੈਂਗ ਦੀ ਗ੍ਰਿਫਤਾਰੀ ਨੂੰ ਉਨ੍ਹਾਂ ਗਲਤ ਠਹਿਰਾਇਆ ਤੇ ਆਖਿਆ ਕਿ ਉਸ ਨੇ ਕੋਈ ਕੈਨੇਡੀਅਨ ਕਾਨੂੰਨ ਨਹੀਂ ਤੋੜਿਆ ਹੈ।