ਕੋਲਕਾਤਾ, 13 ਜੂਨ

ਪੈਗੰਬਰ ਮੁਹੰਮਦ ਖਿਲਾਫ਼ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਸਬੰਧ ਵਿੱਚ ਪੱਛਮੀ ਬੰਗਾਲ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੀ ਐਨਆਈਏ ਤੋਂ ਜਾਂਚ ਕਰਾਉਣ ਅਤੇ ਸਥਿਤੀ ਕੰਟਰੋਲ ਕਰਨ ਲਈ ਫੌਜ ਦੀ ਤਾਇਨਾਤੀ ਦੀ ਅਪੀਲ ਵਾਲੀਆਂ ਦੋ ਪਟੀਸ਼ਨਾਂ ਸੋਮਵਾਰ ਨੂੰ ਕੋਲਕਾਤਾ ਹਾਈ ਕੋਰਟ ਵਿੱਚ ਦਾਖਲ ਕੀਤੀਆਂ ਗਈਆਂ। ਚੀਫ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਦੀ ਅਗਵਾਈ ਵਾਲੇ ਬੈਂਚ ਨੇ ਹਿੰਸਾ ਦੇ ਕੌਮੀ ਅਖੰਡਤਾ ਨੂੰ ਪ੍ਰਭਾਵਿਤ ਕਰਨ ਦਾ ਦਾਅਵਾ ਕਰਦਿਆਂ ਮਾਮਲੇ ਦੀ ਐਨਆਈਏ ਵੱਲੋਂ ਜਾਂਚ ਕਰਾਉਣ ਤੇ ਹਿੰਸਾ ਨੂੰ ਕੰਟਰੋਲ ਕਰਨ ਲਈ ਫੌਜ ਤਾਇਨਾਤ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕੀਤੀ। ਰਾਜ ਸਰਕਾਰ ਵੱਲੋਂ ਪੇਸ਼ ਸੌਲਿਸਟਰ ਜਨਰਲ ਐਸਐਨ ਮੁਖਰਜੀ ਨੇ ਇਨ੍ਹਾਂ ਪਟੀਸ਼ਨਾਂ ਦਾ ਵਿਰੋਧ ਕੀਤਾ ਅਤੇ ਦਾਅਵਾ ਕੀਤਾ ਕਿ ਨਾਦੀਆ ਜ਼ਿਲ੍ਹੇ ਦੇ ਬੇਂਥੂਦਾਹਵਰੀ ਵਿੱਚ ਇਕ ਰੇਲ ਗੱਡੀ ਦੇ ਨੁਕਸਾਨੇ ਜਾਣ ਦੀ ਘਟਨਾ ਤੋਂ ਇਲਾਕਾ ਬੀਤੇ 36 ਘੰਟਿਆਂ ਵਿੱਚ ਕੋਈ ਹਿੰਸਾ ਨਹੀਂ ਹੋਈ।