ਨਵੀਂ ਦਿੱਲੀ, ਵਿਸ਼ਵ ਜੂਨੀਅਰ ਚੈਂਪੀਅਨ ਹਿਮਾ ਦਾਸ ਦੇ ਵਿਸ਼ਵ ਚੈਂਪੀਅਨਸ਼ਿਪ (ਰਿਲੇਅ ਮੁਕਾਬਲੇ) ਵਿੱਚ ਹਿੱਸਾ ਲੈਣ ਸਬੰਧੀ ਬੇਯਕੀਨੀ ਵਾਲੀ ਸਥਿਤੀ ਪੈਦਾ ਹੋ ਗਈ ਹੈ ਕਿਉਂਕਿ ਭਾਰਤੀ ਅਥਲੈਟਿਕਸ ਫੈਡਰੇਸ਼ਨ (ਏਐੱਫਆਈ) ਵੱਲੋਂ ਕੌਮਾਂਤਰੀ ਸੰਸਥਾ ਆਈਏਏਐੱਫ ਨੂੰ ਭੇਜੀ ਖਿਡਾਰੀਆਂ ਦੀ ਮੁੱਢਲੀ ਸੂਚੀ ਵਿੱਚ ਇਸ ਸਟਾਰ ਅਥਲੀਟ ਦਾ ਨਾਮ ਨਹੀਂ ਹੈ। ਏਐੱਫਆਈ ਕੋਲ ਹਾਲਾਂਕਿ ਇਸ ਸੂਚੀ ਵਿੱਚ ਉਸ ਦਾ ਨਾਮ ਸ਼ਾਮਲ ਕਰਵਾਉਣ ਲਈ 16 ਸਤੰਬਰ ਤੱਕ ਦਾ ਸਮਾਂ ਹੈ।
ਏਐੱਫਆਈ ਨੇ ਚਾਰ ਗੁਣਾ 400 ਰਿਲੇਅ ਅਤੇ ਚਾਰ ਗੁਣਾ 400 ਮਿਕਸਡ ਰਿਲੇਅ ਲਈ ਨੌਂ ਸਤੰਬਰ ਨੂੰ ਹਿਮਾ ਸਣੇ ਸੱਤ ਮਹਿਲਾ ਦੌੜਾਕਾਂ ਦੇ ਨਾਮ ਐਲਾਨੇ ਸਨ। ਇਹ ਖੇਡਾਂ ਦੋਹਾ ਵਿੱਚ 27 ਸਤੰਬਰ ਤੋਂ ਛੇ ਅਕਤੂਬਰ ਤੱਕ ਹੋਣੀਆਂ ਹਨ। ਇਸ ਸੂਚੀ ਵਿੱਚ ਚਾਰ ਗੁਣਾ 400 ਮੀਟਰ ਮਹਿਲਾ ਰਿਲੇਅ ਦੌੜ ਲਈ ਵਿਸਮਯਾ ਵੀਕੇ, ਪੂਵੰਮਾ ਐੱਮਆਰ, ਜਿਸਨਾ ਮੈਥਿਊ, ਰੇਵਤੀ ਵੀ, ਸ਼ੁਭਾ ਵੈਂਕਟੇਸ਼ਨ, ਵਿਦਿਆ ਆਰ ਦਾ ਨਾਮ ਹੈ, ਜਦਕਿ ਹਿਮਾ ਨੂੰ ਥਾਂ ਨਹੀਂ ਮਿਲੀ। 19 ਸਾਲ ਦੀ ਆਸਾਮ ਦੀ ਅਥਲੀਟ ਦਾ ਨਾਮ ਮਿਕਸਡ ਰਿਲੇਅ ਟੀਮ ਵਿੱਚ ਵੀ ਨਹੀਂ ਹੈ। ਮੁਹੰਮਦ ਅਨਸ, ਨਿਰਮਲ ਨੋਹ ਟੋਮ ਅਤੇ ਅਮੋਜ ਜੈਕਬ ਨਾਲ ਇਸ ਟੀਮ ਵਿੱਚ ਜਿਸਨਾ, ਪੂਵੰਮਾ ਅਤੇ ਵਿਸਮਯਾ ਨੂੰ ਰੱਖਿਆ ਗਿਆ ਹੈ। ਏਐੱਫਆਈ ਕੋਲ ਇਨ੍ਹਾਂ ਦੋਵਾਂ ਰਿਲੇਅ ਟੀਮਾਂ ਵਿੱਚ ਹਿਮਾ ਦਾ ਨਾਮ ਦਰਜ ਕਰਨ ਲਈ 16 ਸਤੰਬਰ ਦੀ ਅੱਧੀ ਰਾਤ ਤੱਕ ਦਾ ਸਮਾਂ ਹੈ, ਪਰ ਇਸ ਦੇ ਲਈ ਸੂਚੀ ਵਿੱਚੋਂ ਕਿਸੇ ਹੋਰ ਅਥਲੀਟ ਦਾ ਨਾਂ ਹਟਾਉਣਾ ਹੋਵੇਗਾ। ਆਈਏਏਐੱਫ ਰਿਲੇਅ ਦੌੜ ਲਈ ਸਿਰਫ਼ ਛੇ ਨਾਮ ਭੇਜਣ ਦੀ ਇਜਾਜ਼ਤ ਦਿੰਦਾ ਹੈ, ਪਰ ਏਐੱਫਆਈ ਨੇ ਸੱਤ ਖਿਡਾਰੀਆਂ ਦੇ ਨਾਮ ਭੇਜੇ ਸਨ।
ਮੁੱਢਲੀ ਸੂਚੀ ਵਿੱਚ ਹਿਮਾ ਦਾ ਨਾਂਅ ਨਾ ਹੋਣ ਕਾਰਨ ਟੂਰਨਾਮੈਂਟ ਵਿੱਚ ਉਸ ਦੇ ਹਿੱਸਾ ਲੈਣ ਸਬੰਧੀ ਬੇਯਕੀਨੀ ਵਾਲੀ ਹਾਲਤ ਪੈਦਾ ਹੋ ਗਈ ਹੈ। ਉਹ ਪਿਛਲੇ ਸਾਲ ਏਸ਼ਿਆਈ ਚੈਂਪੀਅਨਸ਼ਿਪ ਮਗਰੋਂ ਪਿੱਠ ਦੇ ਦਰਦ ਤੋਂ ਪੀੜਤ ਹੈ। ਹਿਮਾ ਅਪਰੈਲ ਮਹੀਨੇ ਦੋਹਾ ਵਿੱਚ ਏਸ਼ਿਆਈ ਚੈਂਪੀਅਨਸ਼ਿਪ ਦੌਰਾਨ 400 ਮੀਟਰ ਦੀ ਦੌੜ ’ਚੋਂ ਬਾਹਰ ਹੋ ਗਈ। ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਲਈ ਯੂਰੋਪ ਵਿੱਚ ਚੱਲ ਰਹੇ ਮੌਜੂਦਾ ਸਿਖਲਾਈ ਪ੍ਰੋਗਰਾਮ ਦੌਰਾਨ ਵੀ ਉਸ ਨੇ ਸਿਰਫ਼ ਇੱਕ ਵਾਰ 400 ਮੀਟਰ ਦੀ ਦੌੜ ਲਾਈ ਹੈ, ਕਿਉਂਕਿ ਲੰਮੀ ਦੂਰੀ ਦੀ ਦੌੜ ਵਿੱਚ ਉਸ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਹਿਮਾ ਨੇ ਯੂਰੋਪ ਵਿੱਚ ਦੋ ਤੋਂ 20 ਜੁਲਾਈ ਦੌਰਾਨ 200 ਮੀਟਰ ਦੌੜ ਵਿੱਚ ਚਾਰ ਅਤੇ 400 ਮੀਟਰ ਦੀ ਦੌੜ ਵਿੱਚ ਇੱਕ ਸੋਨ ਤਗ਼ਮਾ ਜਿੱਤਿਆ। -ਪੀਟੀਆਈ
”ਮੈਨੂੰ ਹਿਮਾ ਦੀ ਮੌਜੂਦਾ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਯੂਰੋਪ ਵਿੱਚ ਹੈ। ਯੂਰੋਪ ਵਿੱਚ ਟੀਮ ਨਾਲ ਇੱਕ ਡਾਕਟਰ ਹੈ ਅਤੇ ਜੇਕਰ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਤਾਂ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲਵੇਗੀ।”