ਮੁੰਬਈ: ਦਿ ਹਿਮਾਲੀਅਨ ਫਿਲਮ ਫੈਸਟੀਵਲ (ਟੀਐੱਚਐੱਫਐੱਫ) ਦੇ ਦੂਜੇ ਐਡੀਸ਼ਨ ਵਿੱਚ ਜਾਹਨਵੀ ਕਪੂਰ, ਵਿਕਰਮ ਆਦਿੱਤਿਆ ਮੋਟਵਾਨੀ ਅਤੇ ਅਮਿਤ ਸ਼ਰਮਾ ਸ਼ਿਕਰਤ ਕਰਨਗੇ, ਜੋ 29 ਸਤੰਬਰ ਤੋਂ 3 ਅਕਤੂਬਰ ਤੱਕ ਹੋਵੇਗਾ। ਜਾਹਨਵੀ ਨੇ ਕਿਹਾ, ‘‘ਹਿਮਾਲੀਅਨ ਫਿਲਮ ਫੈਸਟੀਵਲ ਹਿਮਾਲਿਆ ਖੇਤਰ ਦੇ ਫਿਲਮ ਨਿਰਮਾਤਾਵਾਂ ਲਈ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਉਦਯੋਗ ਦੇ ਮਾਹਿਰਾਂ ਤੋਂ ਸਿੱਖਣ ਦਾ ਇੱਕ ਚੰਗਾ ਜ਼ਰੀਆ ਹੈ। ਇਹ ਦਰਸ਼ਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਦੇਖਣ ਅਤੇ ਦੇਸ਼ ਭਰ ਦੇ ਫਿਲਮ ਨਿਰਮਾਤਾਵਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮੁਹੱਈਆ ਕਰਵਾਏਗਾ।’’ ਫਿਲਮ ਫੈਸਟੀਵਲ ਦੌਰਾਨ ਮੋਟਵਾਨੀ ਦੀ ਵੈੱਬਸੀਰੀਜ਼ ‘ਜੁਬਲੀ’ ਦੀ ਸਕਰੀਨਿੰਗ ਹੋਵੇਗੀ। ਫੈਸਟੀਵਲ ਦੌਰਾਨ ਮਾਸਟਰਕਲਾਸ ’ਚ ਹਿੱਸਾ ਲੈਣ ਵਾਲੇ ਮੋਟਵਾਨੀ ਨੇ ਕਿਹਾ, ‘‘ਅਸੀਂ ਜਿੰਨਾ ਜ਼ਿਆਦਾ ਸਿਨੇਮਾ ਨੂੰ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਲੈ ਕੇ ਜਾਵਾਂਗੇ, ਇਹ ਹਰ ਇੱਕ ਲਈ ਓਨਾ ਹੀ ਬਿਹਤਰ ਹੈ।’’ ਫਿਲਮ ਫੈਸਟੀਵਲ ਵਿੱਚ ਰੀਮਾ ਦਾਸ, ਡੋਮੀਨਿਕ ਮੇਗਮ ਸੰਗਮਾ ਅਤੇ ਕੇਨੀ ਡੇਓਰੀ ਬਾਸੁਮਾਤਰੀ ਵੀ ਸ਼ਿਰਕਤ ਕਰਨਗੇ। ਫੈਸਟੀਵਲ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਪ੍ਰਸ਼ਾਸਨ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਲੱਦਾਖ ਆਟੋਨਮ ਹਿੱਲ ਡਿਵੈੱਲਪਮੈਂਟ ਕੌਂਸਲ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।