ਸ਼ਿਮਲਾ, 6 ਜੁਲਾਈ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ‘ਚ ਅੱਜ ਸਵੇਰੇ ਭਾਰੀ ਮੀਂਹ ਅਤੇ ਅਚਾਨਕ ਹੜ੍ਹਾਂ ਦੀਆਂ ਵੱਖ-ਵੱਖ ਘਟਨਾਵਾਂ ‘ਚ ਘੱਟੋ-ਘੱਟ 7 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮਲਾਨਾ ਪਾਵਰ ਪ੍ਰਾਜੈਕਟ ਵਿੱਚ ਕੰਮ ਕਰ ਰਹੇ 25 ਤੋਂ ਵੱਧ ਕਰਮਚਾਰੀਆਂ ਨੂੰ ਇਮਾਰਤ ਵਿੱਚੋਂ ਬਾਹਰ ਕੱਢ ਲਿਆ ਗਿਆ। ਇਹ ਇਮਾਰਤ ਅਚਾਨਕ ਆਏ ਹੜ੍ਹਾਂ ਵਿੱਚ ਨੁਕਸਾਨੀ ਗਈ ਸੀ। ਮਨੀਕਰਨ ਜ਼ਿਲ੍ਹੇ ‘ਚ ਬੱਦਲ ਫਟਣ ਕਾਰਨ ਆਏ ਹੜ੍ਹ ‘ਚ ਘੱਟੋ-ਘੱਟ ਚਾਰ ਲੋਕਾਂ ਦੇ ਵਹਿ ਜਾਣ ਦਾ ਖਦਸ਼ਾ ਹੈ ਅਤੇ ਪਾਰਵਤੀ ਨਦੀ ‘ਤੇ ਪੁਲ ਨੁਕਸਾਨਿਆ ਗਿਆ ਹੈ। ਇਸ ਤੋਂ ਇਲਾਵਾ ਭਾਰੀ ਮੀਂਹ ਕਾਰਨ ਕੁੱਲੂ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ’ਤੇ 3 ਵਿਅਕਤੀ ਡੁੱਬ ਗਏ। ਅਧਿਕਾਰੀ ਨੇ ਦੱਸਿਆ ਕਿ ਬਚਾਅ ਟੀਮਾਂ ਨੂੰ ਮੌਕੇ ‘ਤੇ ਰਵਾਨਾ ਕਰ ਦਿੱਤਾ ਗਿਆ ਹੈ ਪਰ ਢਿੱਗਾਂ ਡਿੱਗਣ ਕਾਰਨ ਉਹ ਵੀ ਫਸ ਗਈਆਂ ਹਨ। ਕੁੱਲੂ ਜ਼ਿਲ੍ਹਾ ਐਮਰਜੰਸੀ ਅਪਰੇਸ਼ਨ ਸੈਂਟਰ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਚੱਲਾਲ ਪੰਚਾਇਤ ਦੇ ਛੋਝ ਪਿੰਡ ‘ਚ ਸਵੇਰੇ ਕਰੀਬ 6 ਵਜੇ ਬੱਦਲ ਫਟਣ ਤੋਂ ਬਾਅਦ ਚਾਰ ਤੋਂ ਛੇ ਵਿਅਕਤੀ ਲਾਪਤਾ ਹਨ। ਤੇਜ਼ ਹੜ੍ਹ ਵਿੱਚ ਘੱਟੋ-ਘੱਟ ਪੰਜ ਪਸ਼ੂ ਵਹਿ ਗਏ ਹਨ। ਇਸ ਦੌਰਾਨ ਸ਼ਿਮਲਾ ਸ਼ਹਿਰ ਦੇ ਬਾਹਰੀ ਇਲਾਕੇ ‘ਚ ਅੱਜ ਢਿੱਗਾਂ ਡਿੱਗਣ ਕਾਰਨ ਔਰਤ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ।