ਬੇਰੂਤ : ਹਿਜ਼ਬੁੱਲਾ ਦੇ ਪ੍ਰਮੁੱਖ ਨੇਤਾ ਨੇ ਧਮਕੀ ਦਿਤੀ ਹੈ ਕਿ ਹੋਰ ਇਜ਼ਰਾਈਲੀ ਨਾਗਰਿਕਾਂ ਨੂੰ ਉਜਾੜ ਦਿਤਾ ਜਾਵੇਗਾ ਕਿਉਂਕਿ ਉਸ ਦਾ ਸਮੂਹ ਇਜ਼ਰਾਈਲ ਦੇ ਅੰਦਰ ਤਕ ਮਾਰ ਕਰਨ ਵਾਲੇ ਰਾਕੇਟ ਦਾਗ਼ ਰਿਹਾ ਹੈ। ਹਿਜ਼ਬੁੱਲਾ ਦੇ ਕਾਰਜਕਾਰੀ ਨੇਤਾ ਸ਼ੇਖ ਨਈਮ ਕਾਸਿਮ ਨੇ ਇਕ ਟੈਲੀਵਿਜ਼ਨ ਬਿਆਨ ਵਿਚ ਕਿਹਾ ਕਿ ਇਜ਼ਰਾਈਲੀ ਹਵਾਈ ਹਮਲਿਆਂ ਤੇ ਕਈ ਕਮਾਂਡਰਾਂ ਦੇ ਮਾਰੇ ਜਾਣ ਦੇ ਬਾਵਜੂਦ, ਹਿਜ਼ਬੁੱਲਾ ਦੀ ਫ਼ਾਇਰ ਪਾਵਰ ਬਰਕਰਾਰ ਹੈ।

ਉਸ ਨੇ ਇਹ ਵੀ ਕਿਹਾ ਕਿ ਇਜ਼ਰਾਈਲੀ ਬਲ ਪਿਛਲੇ ਹਫ਼ਤੇ ਲੇਬਨਾਨ ਵਿਚ ਜ਼ਮੀਨੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਅੱਗੇ ਨਹੀਂ ਵਧ ਸਕਿਆ। ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਚੌਥੀ ਡਿਵੀਜ਼ਨ ਹੁਣ ਜ਼ਮੀਨੀ ਕਾਰਵਾਈ ਵਿਚ ਹਿੱਸਾ ਲੈ ਰਹੀ ਹੈ ਜੋ ਪੱਛਮ ਵਿਚ ਫੈਲ ਗਈ ਹੈ। ਹਾਲਾਂਕਿ, ਕਾਰਵਾਈ ਅਜੇ ਵੀ ਸਰਹੱਦ ਦੇ ਨਾਲ ਇਕ ਤੰਗ ਪੱਟੀ ਤਕ ਸੀਮਿਤ ਜਾਪਦੀ ਹੈ। ਇਜ਼ਰਾਈਲੀ ਫ਼ੌਜ ਦਾ ਕਹਿਣਾ ਹੈ ਕਿ ਉਸ ਨੇ ਹਿਜ਼ਬੁੱਲਾ ਦੇ ਸੈਂਕੜੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਸਰਹੱਦੀ ਖੇਤਰਾਂ ਵਿਚ ਅਤਿਵਾਦੀ ਢਾਂਚੇ ਨੂੰ ਤਬਾਹ ਕਰ ਦਿਤਾ ਹੈ ਅਤੇ ਸੈਂਕੜੇ ਹਿਜ਼ਬੁੱਲਾ ਲੜਾਕਿਆਂ ਨੂੰ ਮਾਰ ਦਿਤਾ ਹੈ।

ਯੁੱਧ ਬਾਰੇ ਕਿਸੇ ਵੀ ਧਿਰ ਦੁਆਰਾ ਕੀਤੇ ਗਏ ਦਾਅਵਿਆਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਕਰਨ ਦਾ ਕੋਈ ਤਰੀਕਾ ਨਹੀਂ ਹੈ। ਕਾਸਿਮ ਨੇ ਕਿਹਾ,“ਅਸੀਂ ਸੈਂਕੜੇ ਰਾਕੇਟ ਅਤੇ ਦਰਜਨਾਂ ਡਰੋਨ ਦਾਗ਼ ਰਹੇ ਹਾਂ। ਵੱਡੀ ਗਿਣਤੀ ਵਿਚ ਬਸਤੀਆਂ ਅਤੇ ਸ਼ਹਿਰ ਸਾਡੀ ਜਵਾਬੀ ਕਾਰਵਾਈ ਦਾ ਨਿਸ਼ਾਨਾ ਹਨ। ਸਾਡੀ ਸਮਰੱਥਾ ਮਜ਼ਬੂਤ ਹੈ ਅਤੇ ਸਾਡੇ ਲੜਾਕੇ ਫ਼ਰੰਟ ਲਾਈਨਾਂ ’ਤੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਹਿਜ਼ਬੁੱਲਾ ਦੀ ਸਿਖਰਲੀ ਲੀਡਰਸ਼ਿਪ ਜੰਗੀ ਰਣਨੀਤੀ ਤੈਅ ਕਰ ਰਹੀ ਹੈ ਅਤੇ ਇਜ਼ਰਾਈਲੀ ਹਮਲੇ ’ਚ ਮਾਰੇ ਗਏ ਕਮਾਂਡਰਾਂ ਦੀ ਥਾਂ ’ਤੇ ਨਵੇਂ ਕਮਾਂਡਰ ਨਿਯੁਕਤ ਕੀਤੇ ਗਏ ਹਨ। ਉਸ ਨੇ ਕਿਹਾ,‘‘ਸਾਡੇ ਕੋਲ ਕੋਈ ਖ਼ਾਲੀ ਅਸਾਮੀ ਨਹੀਂ ਹੈ।’’