ਨਵੀਂ ਦਿੱਲੀ, 21 ਅਪਰੈਲ
ਟੈਲੀਵਿਜ਼ਨ ਦੇ ਇੱਕ ਚੈਰਿਟੀ ਸ਼ੋਅ ਦੌਰਾਨ ਮਹਿਲਾਵਾਂ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਦੋ ਭਾਰਤੀ ਕ੍ਰਿਕਟਰਾਂ ਹਾਰਦਿਕ ਪਾਂਡਿਆ ਅਤੇ ਲੋਕੇਸ਼ ਰਾਹੁਲ ਨੂੰ ਬੀਸੀਸੀਆਈ ਦੇ ਲੋਕਪਾਲ ਡੀਕੇ ਜੈਨ ਨੇ ਅੱਜ 20-20 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਬੀਸੀਸੀਆਈ ਦੀ ਅਧਿਕਾਰਤ ਵੈੱਬਸਾਈਟ ’ਤੇ ਪ੍ਰਕਾਸ਼ਿਤ ਆਦੇਸ਼ ਵਿੱਚ ਜੈਨ ਨੇ ਲਿਖਿਆ ਹੈ ਕਿ ਪਾਂਡਿਆ ਅਤੇ ਰਾਹੁਲ ਖ਼ਿਲਾਫ਼ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਦੋਵਾਂ ਨੂੰ ਪਹਿਲਾਂ ਹੀ ਅਣਮਿਥੇ ਸਮੇਂ ਦੀ ਮੁਅੱਤਲੀ ਦੀ ਸਜ਼ਾ ਮਿਲ ਚੁੱਕੀ ਹੈ ਅਤੇ ਉਨ੍ਹਾਂ ਨੇ ਔਰਤਾਂ ’ਤੇ ਆਪਣੀਆਂ ਟਿੱਪਣੀਆਂ ਸਬੰਧੀ ਬਿਨਾਂ ਸ਼ਰਤ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਵਿਸ਼ਵ ਕੱਪ ਲਈ ਚੁਣੇ ਗਏ ਦੋਵਾਂ ਖਿਡਾਰੀਆਂ ਨੂੰ 20-20 ਲੱਖ ਰੁਪਏ ਦਾ ਜੁਰਮਾਨਾ ਲਾਉਂਦਿਆਂ ਨਿਰਦੇਸ਼ ਦਿੱਤਾ ਕਿ ਉਹ ਦੇਸ਼ ਲਈ ਸ਼ਹੀਦ ਹੋਣ ਵਾਲੇ ਨੀਮ ਫ਼ੌਜੀ ਬਲਾਂ ਦੇ ਦਸ ਜਵਾਨਾਂ ਦੀਆਂ ਲੋੜਵੰਦ ਵਿਧਵਾਵਾਂ ਨੂੰ ‘ਭਾਰਤ ਦੇ ਵੀਰ’ ਐਪ ਰਾਹੀਂ ਇੱਕ-ਇੱਕ ਲੱਖ ਰੁਪਏ ਦਾ ਭੁਗਤਾਨ ਕਰਨ। ਜੈਨ ਨੇ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਬਾਕੀ 10-10 ਲੱਖ ਰੁਪਏ ਦੀ ਰਕਮ ਉਹ ‘ਕ੍ਰਿਕਟ ਐਸੋਸੀਏਸ਼ਨ ਫਾਰ ਦਿ ਬਲਾਈਂਡ’ ਵੱਲੋਂ ਬਣਾ ਗਏ ਕੋਸ਼ਾਂ ਵਿੱਚ ਜਮ੍ਹਾਂ ਕਰਨ।
ਉਨ੍ਹਾਂ ਨੂੰ ਇਹ ਭੁਗਤਾਨ ਆਦੇਸ਼ ਦੀ ਅੰਤਿਮ ਤਰੀਕ (19 ਅਪਰੈਲ 2019) ਤੋਂ ਚਾਰ ਹਫ਼ਤਿਆਂ ਦੇ ਅੰਦਰ ਕਰਨਾ ਹੋਵੇਗਾ। ਅਜਿਹਾ ਨਾ ਹੋਣ ’ਤੇ ਬੀਸੀਸੀਆਈ ਇਨ੍ਹਾਂ ਖਿਡਾਰੀਆਂ ਦੀ ਮੈਚ ਫ਼ੀਸ ਤੋਂ ਇਹ ਰਕਮ ਕੱਟ ਸਕਦਾ ਹੈ। ਜੈਨ ਨੇ ਆਪਣੇ ਆਦੇਸ਼ ਵਿੱਚ ਕਿਹਾ, ‘‘ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਖਿਡਾਰੀਆਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਸੰਵੇਦਨਸ਼ੀਲਤਾ ਨੂੰ ਠੇਸ ਪਹੁੰਚਾਉਂਦੀਆਂ ਹਨ, ਜਿਸ ਤੋਂ ਟਲਣਾ ਚਾਹੀਦਾ ਸੀ, ਇੱਥੋਂ ਤੱਕ ਉਨ੍ਹਾਂ ਨੇ (ਪਾਂਡਿਆ ਅਤੇ ਰਾਹੁਲ) ਵੀ ਇਸ ਨੂੰ ਕਬੂਲ ਕੀਤਾ ਹੈ। ਇਸ ਲਈ, ਉਨ੍ਹਾਂ ਨੂੰ ਸੁਧਾਰ ਕਰਨਾ ਚਾਹੀਦਾ ਹੈ।’’ ਇਸ ਮਾਮਲੇ ਵਿੱਚ ਫ਼ੈਸਲਾ ਆਉਣ ਮਗਰੋਂ ਦੋਵੇਂ ਖਿਡਾਰੀ ਹੁਣ ਵਿਸ਼ਵ ਕੱਪ ’ਤੇ ਧਿਆਨ ਦੇ ਸਕਦੇ ਹਨ।