ਮਾਂਟਰੀਆਲ— ਕੈਨੇਡਾ ਦੇ ਸ਼ਹਿਰ ਮਾਂਟਰੀਆਲ ‘ਚ ਬੁੱਧਵਾਰ ਦੀ ਸ਼ਾਮ ਨੂੰ ਸਾਈਕਲ ਰੈਲੀ ਕੱਢੀ। ਇਹ ਸਾਈਕਲ ਰੈਲੀ ਮਾਂਟਰੀਆਲ ‘ਚ ਸੜਕ ਹਾਦਸੇ ‘ਚ ਮਾਰੇ ਗਏ ਨੌਜਵਾਨ ਸਾਈਕਲਿਸਟ ਨੂੰ ਸ਼ਰਧਾਂਜਲੀ ਦੇਣ ਲਈ ਕੱਢੀ। ਨਾਲ ਦੀ ਨਾਲ ਇਸ ਰੈਲੀ ਦਾ ਮਕਸਦ ਸੜਕ ‘ਤੇ ਵਾਹਨਾਂ ਨੂੰ ਬਿਹਤਰ ਢੰਗ ਨਾਲ ਚਲਾਉਣ ਅਤੇ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਸੀ। ਦੱਸਣਯੋਗ ਹੈ ਕਿ ਬੀਤੇ ਸਾਲ ਅਕਤੂਬਰ ਮਹੀਨੇ ਇਕ 18 ਸਾਲਾ ਸਾਈਕਲਿਸਟ ਕਲੇਮੈਂਟ ਉਈਮੈਟ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਉਸ ਦੇ ਸਾਈਕਲ ਦੀ ਇਕ ਕਾਰ ਨਾਲ ਭਿਆਨਕ ਟੱਕਰ ਹੋ ਗਈ ਸੀ। ਓਧਰ ਉਈਮੈਟ ਦੀ ਮਾਂ ਅਤੇ ਇਸ ਸਾਈਕਲ ਰੈਲੀ ਆਯੋਜਕ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਮਾਂਟਰੀਆਲ ਵਾਸੀਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ, ਤਾਂ ਕਿ ਅਜਿਹੇ ਹਾਦਸੇ ਨਾ ਵਾਪਰਨ ਅਤੇ ਅਸੀਂ ਸਾਰੇ ਇਕ ਸੁਰੱਖਿਅਤ ਵਾਤਾਵਰਣ ‘ਚ ਵਿਚਰ ਸਕੀਏ। ਉਈਮੈਟ ਦੀ ਮਾਂ ਕੈਥਰੀਨ ਬਰਜਰਨ ਨੇ ਕਿਹਾ ਕਿ ਸਾਨੂੰ ਸਾਰਿਆਂ ਉਨ੍ਹਾਂ ਸਾਰੇ ਨਿਯਮ, ਸਾਰੇ ਰੈਗੂਲੇਸ਼ਨ ਦਾ ਪਾਲਣ ਕਰਨਾ ਚਾਹੀਦਾ ਹੈ, ਜੋ ਕਿ ਪਹਿਲਾਂ ਤੋਂ ਹੀ ਬਣੇ ਹੋਏ ਹਨ।
ਹਜ਼ਾਰਾਂ ਦੀ ਗਿਣਤੀ ‘ਚ ਮਾਂਟਰੀਆਲ ਸਾਈਕਲਿਸਟ ਨੇ ਤਕਰੀਬਨ 7.5 ਕਿਲੋਮੀਟਰ ਲੰਬੀ ਸਾਈਕਲ ਰੈਲੀ ਬਹੁਤ ਹੀ ਸ਼ਾਂਤੀ ਨਾਲ ਕੱਢੀ। ਇਹ ਰੈਲੀ ਸ਼ਾਮ 6.30 ਵਜੇ ਦੇ ਕਰੀਬ ਮਾਂਟਰੀਆਲ ਦੇ ਸ਼ਹਿਰ ਰੋਜ਼ਮੋਂਟ ਵਿਚ ਕੱਢੀ ਗਈ। ਇਹ ਰੈਲੀ ਸੜਕ ‘ਤੇ ਸਾਈਕਲ ਚਾਲਕਾਂ ਦੀ ਸੁਰੱਖਿਆ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਕੱਢੀ ਗਈ। ਉਈਮੈਟ ਦੇ ਮਾਂ ਨੇ ਕਿਹਾ ਕਿ ਸਭ ਤੋਂ ਜ਼ਰੂਰੀ ਗੱਲ ਜੋ ਸਾਨੂੰ ਸਾਰਿਆਂ ਯਾਦ ਰੱਖਣੀ ਚਾਹੀਦੀ ਹੈ, ਉਹ ਹੈ ਅਸੀਂ ਆਪਣੀ ਜ਼ਿੰਦਗੀ ਨੂੰ ਪਹਿਲੀ ਤਰਜ਼ੀਹ ਦੇਈਏ।