ਸਲਾਲਾਹ (ਓਮਾਨ), 31 ਅਗਸਤ

ਮਨਿੰਦਰ ਸਿੰਘ ਦੇ ਚਾਰ ਅਤੇ ਮੁਹੰਮਦ ਰਹੀਲ ਦੇ ਤਿੰਨ ਗੋਲਾਂ ਦੀ ਮਦਦ ਨਾਲ ਭਾਰਤੀ ਟੀਮ ਨੇ ਅੱਜ ਇੱਥੇ ਏਸ਼ੀਅਨ ਹਾਕੀ 5ਐੱਸ ਵਿਸ਼ਵ ਕੱਪ ਕੁਆਲੀਫਾਇਰ ਦੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ 15-1 ਨਾਲ ਮਾਤ ਦਿੱਤੀ। ਮਨਿੰਦਰ ਨੇ 10ਵੇਂ, 18ਵੇਂ, 28ਵੇਂ ਅਤੇ 30ਵੇਂ ਮਿੰਟ ਵਿੱਚ ਜਦਕਿ ਰਹੀਲ ਨੇ ਦੂਜੇ, 15ਵੇਂ ਅਤੇ 24ਵੇਂ ਮਿੰਟ ਵਿੱਚ ਗੋਲ ਦਾਗੇ। ਇਸ ਤੋਂ ਇਲਾਵਾ ਭਾਰਤ ਲਈ ਸੁਖਵਿੰਦਰ (13ਵੇਂ ਅਤੇ 22ਵੇਂ), ਗੁਰਜੋਤ ਸਿੰਘ (13ਵੇਂ ਅਤੇ 23ਵੇਂ), ਪਵਨ (19ਵੇਂ ਅਤੇ 26ਵੇਂ) ਮਨਦੀਪ ਮੋਰ (8ਵੇਂ) ਅਤੇ ਦਿਪਸਨ ਟਿਰਕੀ (9ਵੇਂ ਮਿੰਟ) ਨੇ ਗੋਲ ਕੀਤੇ। ਬੰਗਲਾਦੇਸ਼ ਲਈ ਇੱਕੋ ਇੱਕ ਗੋਲ ਸਾਵਨ ਸਰੋਵਰ ਨੇ ਦੂਜੇ ਮਿੰਟ ਵਿੱਚ ਕੀਤਾ।

ਭਾਰਤ ਨੇ ਹਮਲਾਵਰ ਸ਼ੁਰੂਆਤ ਕੀਤੀ ਪਰ ਬੰਗਲਾਦੇਸ਼ ਦੇ ਡਿਫੈਂਸ ਨੇ ਭਾਰਤ ਨੂੰ ਗੋਲ ਨਹੀਂ ਕਰਨ ਦਿੱਤਾ। ਇਸ ਦੇ ਜਵਾਬ ਵਿੱਚ ਬੰਗਲਾਦੇਸ਼ ਲਈ ਸਰੋਵਰ ਨੇ ਗੋਲ ਕੀਤਾ। ਇਸ ਤੋਂ ਬਾਅਦ ਭਾਰਤੀ ਕਪਤਾਨ ਮਨਦੀਪ ਨੇ ਅੱਠਵੇਂ ਮਿੰਟ ਵਿੱਚ ਗੋਲ ਕੀਤਾ ਅਤੇ ਫਿਰ ਭਾਰਤੀ ਖਿਡਾਰੀਆਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।