ਨਵੀਂ ਦਿੱਲੀ—ਓਡਿਸ਼ਾ ਦੇ ਭੁਵਨੇਸ਼ਵਰ ‘ਚ ਇਸ ਸਾਲ ਹੋਣ ਵਾਲੇ ਹਾਕੀ ਵਿਸ਼ਵ ਲੀਗ ਫਾਈਨਲ ‘ਚ ਮੇਜ਼ਬਾਨ ਭਾਰਤ ਸਮੇਤ ਕੁਆਲੀਫਾਈ ਕਰਨ ਵਾਲੀਆਂ 7 ਟੀਮਾਂ ਹਿੱਸਾ ਲੈਣਗੀਆਂ ਜਿਸ ਦੇ ਪ੍ਰੋਗਰਾਮ ਦੀ ਅੰਤਰਰਾਸ਼ਟਰੀ ਹਾਕੀ ਸੰਘ (ਐੱਫ.ਆਈ.ਐੱਚ.) ਨੇ ਵੀਰਵਾਰ ਨੂੰ ਪੁਸ਼ਟੀ ਕਰ ਦਿੱਤੀ। ਐੱਫ.ਆਈ.ਐੱਚ. ਨੇ ਦੱਸਿਆ ਕਿ ਕਲਿੰਗਾ ਸਟੇਡੀਅਮ ‘ਚ 1 ਤੋਂ 10 ਦਸੰਬਰ ਤਕ ਚੱਲਣ ਵਾਲੇ ਹਾਕੀ ਵਿਸ਼ਵ ਲੀਗ ਫਾਈਨਲਸ ‘ਚ ਉਹ 7 ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਨੇ ਵਿਸ਼ਵ ਲੀਗ ਸੈਮੀਫਾਈਨਲ ਤੋਂ ਬਾਅਦ ਫਾਈਨਲ ਲਈ ਕੁਆਲੀਫਾਈ ਕੀਤਾ ਹੈ।
ਪੂਲ ਏ ‘ਚ ਓਲੰਪਿਕ ਚੈਂਪੀਅਨ ਅਰਜਨਟੀਨਾ, ਯੂਰਪੀਅਨ ਚੈਂਪੀਅਨ ਹਾਲੈਂਡ, ਓਲੰਪਿਕ ਚਾਂਦੀ ਤਗਮਾ ਜੇਤੂ ਬੈਲਜ਼ੀਅਮ ਅਤੇ ਸਪੇਨ ਸ਼ਾਮਲ ਹਨ ਜਦੋਂਕਿ ਸਾਬਕਾ ਵਿਸ਼ਵ ਚੈਂਪੀਅਨ ਅਤੇ ਵਿਸ਼ਵ ਲੀਗ ਚੈਂਪੀਅਨ ਆਸਟਰੇਲੀਆ ਪੂਲ ਬੀ ‘ਚ ਸ਼ਾਮਲ ਹਨ। ਉਸ ਦੇ ਨਾਲ ਜਰਮਨੀ, ਇੰਗਲੈਂਡ ਅਤੇ ਮੇਜ਼ਬਾਨ ਭਾਰਤ ਇਸ ਗਰੁੱਪ ਦਾ ਹਿੱਸਾ ਹੈ। ਐੱਫ.ਆਈ.ਐੱਚ. ਨੇ ਦੱਸਿਆ ਕਿ ਟੂਰਨਾਮੈਂਟ ‘ਚ ਰੋਜ਼ ਦੋ ਮੈਚ ਖੇਡੇ ਜਾਣਗੇ ਜਦੋਂਕਿ 2 ਦਸੰਬਰ ਸ਼ਨੀਵਾਰ ਨੂੰ ਇਕ ਹੀ ਦਿਨ ‘ਚ ਚਾਰ ਮੁਕਾਬਲੇ ਖੇਡੇ ਜਾਣਗੇ।