ਐਂਟਵਰਪ, ਮਨਦੀਪ ਸਿੰਘ ਤੇ ਆਕਾਸ਼ਦੀਪ ਸਿੰਘ ਵੱਲੋਂ ਦੂਜੇ ਅੱਧ ਵਿਚ ਕੀਤੇ ਗਏ ਗੋਲ ਦੀ ਮੱਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਬੈਲਜੀਅਮ ਨੂੰ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ 2-0 ਨਾਲ ਹਰਾ ਦਿੱਤਾ। ਮਨਦੀਪ ਤੇ ਆਕਾਸ਼ਦੀਪ ਨੇ ਕ੍ਰਮਵਾਰ 39ਵੇਂ ਤੇ 54ਵੇਂ ਮਿੰਟ ਵਿੱਚ ਗੋਲ ਕਰ ਕੇ ਭਾਰਤ ਨੂੰ ਜਿੱਤ ਦਿਵਾਈ।
ਪਹਿਲੇ ਕੁਆਰਟਰ ਵਿਚ ਭਾਰਤ ਨੇ ਸ਼ੁਰੂ ’ਚ ਦਬਾਅ ਬਣਾਇਆ ਅਤੇ ਮੈਚ ਦਾ ਪਹਿਲਾ ਪੈਨਲਟੀ ਕਾਰਨ ਹਾਸਲ ਕੀਤਾ ਜਿਸ ਨੂੰ ਲੋਈਕ ਵਾਨ ਡੋਰੇਨ ਨੇ ਬਚਾਅ ਲਿਆ। ਇਸ ਤੋਂ ਬਾਅਦ ਬੈਲਜੀਅਮ ਨੇ ਜਵਾਬ ਹਮਲਾ ਕਰ ਕੇ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਕ੍ਰਿਸ਼ਨ ਪਾਠਕ ਨੇ ਉਸ ’ਤੇ ਵਧੀਆ ਬਚਾਅ ਕੀਤਾ। ਭਾਰਤ ਦੂਜੇ ਕੁਆਰਟਰ ’ਚ ਸ਼ੁਰੂ ਵਿਚ ਹੀ ਹਾਵੀ ਹੋ ਗਿਆ ਅਤੇ ਉਸ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਉਹ ਇਨ੍ਹਾਂ ਨੂੰ ਗੋਲ ਵਿਚ ਬਦਲਣ ’ਚ ਨਾਕਾਮ ਰਿਹਾ। ਭਾਰਤ ਨੇ ਗੇਂਦ ’ਤੇ ਜ਼ਿਆਦਾਤਰ ਕੰਟਰੋਲ ਬਣਾਈ ਰੱਖਿਆ ਪਰ ਉਹ ਗੋਲ ਨਹੀਂ ਕਰ ਸਕਿਆ।
ਇਸ ਤਰ੍ਹਾਂ ਅੱਧੇ ਸਮੇਂ ਤੱਕ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਭਾਰਤ ਨੂੰ ਅਖ਼ੀਰ ’ਚ 39ਵੇਂ ਮਿੰਟ ’ਚ ਇਸ ਦਾ ਇਨਾਮ ਮਿਲਿਆ ਜਦੋਂ ਮਨਦੀਪ ਨੇ ਗੋਲ ਕਰ ਕੇ ਉਸ ਨੂੰ ਬੜ੍ਹਤ ਦਿਵਾਈ। ਆਕਾਸ਼ਦੀਪ ਸਿੰਘ ਨੇ 54ਵੇਂ ਮਿੰਟ ’ਚ ਗੋਲ ਕਰ ਕੇ ਬੜ੍ਹਤ ਦੁੱਗਣੀ ਕਰ ਦਿੱਤੀ ਜਿਸ ਮਗਰੋਂ ਬੈਲਜੀਅਮ ਦੀ ਵਾਪਸੀ ਦੀਆਂ ਸੰਭਾਵਨਾਵਾਂ ਖ਼ਤਮ ਹੋ ਗਈਆਂ। ਲੜੀ ਦਾ ਦੂਜਾ ਮੈਚ 28 ਸਤੰਬਰ ਨੂੰ ਖੇਡਿਆ ਜਾਵੇਗਾ।