ਬਾਰਸੀਲੋਨਾ, 29 ਜੁਲਾਈ
ਭਾਰਤੀ ਪੁਰਸ਼ ਹਾਕੀ ਟੀਮ ਨੇ ਸਪੈਨਿਸ਼ ਹਾਕੀ ਫੈਡਰੇਸ਼ਨ ਦੀ 100ਵੀਂ ਵਰ੍ਹੇਗੰਢ ਮੌਕੇ ਕਰਵਾਏ ਜਾ ਰਹੇ ਕੌਮਾਂਤਰੀ ਟੂੁਰਨਾਮੈਂਟ ਦੌਰਾਨ ਆਪਣੇ ਤੀਜੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ। ਸੈਮ ਵਾਰਡ ਨੇ ਮੈਚ ਦੇ ਪੰਜਵੇਂ ਮਿੰਟ ਵਿੱਚ ਇੰਗਲੈਂਡ ਲਈ ਸ਼ੁਰੂਆਤੀ ਗੋਲ ਦਾਗ਼ਿਆ, ਜਦਕਿ ਭਾਰਤ ਤਰਫ਼ੋਂ ਹਰਮਨਪ੍ਰੀਤ ਸਿੰਘ ਨੇ 29ਵੇਂ ਮਿੰਟ ਵਿੱਚ ਗੋਲ ਨਾਲ ਵਾਪਸੀ ਕਰਦਿਆਂ ਸਕੋਰ ਬਰਾਬਰ ਕੀਤਾ। ਇਸ ਡਰਾਅ ਮੈਚ ਮਗਰੋਂ ਭਾਰਤ ਐਤਵਾਰ ਨੂੰ ਹੋਣ ਵਾਲੇ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ ਹੈ। ਭਾਰਤੀ ਟੀਮ ਨੇ ਆਪਣਾ ਪਿਛਲਾ ਮੈਚ ਨੈਦਰਲੈਂਡਜ਼ ਨਾਲ ਡਰਾਅ ਖੇਡਿਆ ਸੀ, ਜਦ ਕਿ ਟੀਮ ਨੂੰ ਸ਼ੁਰੂਆਤੀ ਮੁਕਾਬਲੇ ਵਿੱਚ ਸਪੇਨ ਨੂੰ ਹਰਾਇਆ ਸੀ। ਫਾਈਨਲ ਵਿੱਚ ਜਗ੍ਹਾ ਬਣਾਉਣ ਵਾਸਤੇ ਭਾਰਤੀ ਟੀਮ ਲਈ ਇਹ ਮੈਚ ਜਿੱਤਣਾ ਜ਼ਰੂਰੀ ਸੀ। ਭਾਰਤੀ ਖਿਡਾਰੀ ਜਿੱਤਣ ਦੇ ਇਰਾਦੇ ਨਾਲ ਮੈਦਾਨ ’ਚ ਉੱਤਰੇ ਪਰ ਵਾਰਡ ਦੇ ਮੈਦਾਨੀ ਗੋਲ ਸਦਕਾ ਬ੍ਰਿਟੇਨ ਨੇ ਸ਼ੁਰੂਆਤੀ ਮਿੰਟਾਂ ’ਚ ਲੀਡ ਹਾਸਲ ਕਰ ਲਈ। ਜੇਮਜ਼ ਓਟਸ ਨੇ ਸੱਜੇ ਪਾਸਿਓਂ ਮੌਕਾ ਬਣਾ ਕੇ ਗੇਂਦ ਨੂੰ ਗੋਲਪੋਸਟ ਵੱਲ ਮਾਰਿਆ ਅਤੇ ਵਾਰਡ ਨੇ ਉਸ ਨੂੰ ਗੋਲ ਵਿੱਚ ਬਦਲਣ ਦਾ ਮੌਕਾ ਨਾ ਖੁੰਝਾਇਆ। ਜਵਾਬੀ ਹਮਲੇ ਲਈ ਜੂਝ ਰਹੀ ਭਾਰਤੀ ਟੀਮ ਨੂੰ 12ਵੇਂ ਮਿੰਟ ’ਚ ਮੌਕਾ ਮਿਲਿਆ, ਜਦੋਂ ਪੈਨਲਟੀ ਕਾਰਨਰ ’ਤੇ ਹਰਮਨਪ੍ਰੀਤ ਨੇ ਗੇਂਦ ਇੰਗਲੈਂਡ ਦੇ ਗੋਲਪੋਸਟ ’ਚ ਪਹੁੰਚਾਈ। ਹਾਲਾਂਕਿ ਅੰਪਾਇਰ ਨੇ ਖ਼ਤਰਨਾਕ ਖੇਡ ਦਾ ਹਵਾਲਾ ਦਿੰਦਿਆਂ ਇਸ ਗੋਲ ਨੂੰ ਰੱਦ ਕਰ ਦਿੱਤਾ।