ਹਾਂਗਜ਼ੂ, 28 ਸਤੰਬਰ
ਸਟ੍ਰਾਈਕਰ ਸੰਗੀਤਾ ਕੁਮਾਰੀ ਦੀ ਹੈਟ੍ਰਿਕ ਸਮੇਤ ਬਾਕੀ ਖਿਡਾਰਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਪੂਲ-ਏ ਦੇ ਆਪਣੇ ਪਹਿਲੇ ਮੈਚ ਵਿੱਚ ਸਿੰਗਾਪੁਰ ਨੂੰ 13-0 ਨਾਲ ਹਰਾਇਆ। ਭਾਰਤ ਨੇ ਪਹਿਲੇ ਦੋ ਕੁਆਰਟਰਾਂ ਵਿੱਚ ਅੱਠ ਅਤੇ ਆਖਰੀ ਦੋ ਕੁਆਰਟਰਾਂ ਵਿੱਚ ਪੰਜ ਗੋਲ ਕੀਤੇ। ਵਿਸ਼ਵ ਰੈਂਕਿੰਗ ’ਚ ਸੱਤਵੇਂ ਸਥਾਨ ’ਤੇ ਕਾਬਜ਼ ਭਾਰਤ ਦਾ ਸਾਹਮਣਾ ਪੂਲ-ਏ ਦੇ ਮੈਚ ’ਚ 34ਵੀਂ ਰੈਂਕਿੰਗ ਦੀ ਟੀਮ ਨਾਲ ਸੀ। ਟੋਕੀਓ ਓਲੰਪਿਕ ’ਚ ਚੌਥੇ ਸਥਾਨ ’ਤੇ ਰਹੀ ਭਾਰਤੀ ਟੀਮ ਲਈ ਸੰਗੀਤਾ ਨੇ ਤਿੰਨ ਗੋਲ (23ਵੇਂ, 53ਵੇਂ, 47ਵੇਂ ਮਿੰਟ) ਕੀਤੇ ਜਦਕਿ ਨਵਨੀਤ ਕੌਰ ਨੇ 14ਵੇਂ ਮਿੰਟ ’ਚ ਲਗਾਤਾਰ ਦੋ ਗੋਲ ਕੀਤੇ। ਇਸ ਤੋਂ ਇਲਾਵਾ ਦੀਪਿਕਾ (11ਵੇਂ), ਸੁਸ਼ੀਲਾ ਚਾਨੂ (8ਵੇਂ), ਉਦਿਤਾ (6ਵੇਂ), ਨੇਹਾ (19ਵੇਂ), ਦੀਪ ਗ੍ਰੇਸ ਇਕਾ (17ਵੇਂ), ਸਲੀਮਾ ਟੇਟੇ (35ਵੇਂ), ਵੰਦਨਾ ਕਟਾਰੀਆ (56ਵੇਂ) ਅਤੇ ਮੋਨਿਕਾ (52ਵਾਂ) ਨੇ ਗੋਲ ਕੀਤੇ। ਭਾਰਤ ਹੁਣ 29 ਸਤੰਬਰ ਨੂੰ ਮਲੇਸ਼ੀਆ ਨਾਲ ਖੇਡੇਗਾ।
ਕਪਤਾਨ ਸਵਿਤਾ ਪੂਨੀਆ ਨੇ ਮੈਚ ਤੋਂ ਬਾਅਦ ਕਿਹਾ, ‘‘ਇਹ ਸ਼ਾਨਦਾਰ ਪ੍ਰਦਰਸ਼ਨ ਸੀ ਅਤੇ ਅਸੀਂ ਇਸ ਤੋਂ ਖੁਸ਼ ਹਾਂ। ਨੌਜਵਾਨ ਖਿਡਾਰੀਆਂ ਨੇ ਸੀਨੀਅਰਜ਼ ਨਾਲ ਵਧੀਆ ਤਾਲਮੇਲ ਦਿਖਾਇਆ, ਜਿਸ ਨਾਲ ਸਾਡਾ ਕੰਮ ਸੌਖਾ ਹੋ ਗਿਆ। ਅਸੀਂ ਮੈਚ ਦਰ ਮੈਚ ਰਣਨੀਤੀ ਬਣਾ ਰਹੇ ਹਾਂ। ਹੁਣ ਸਾਡਾ ਧਿਆਨ ਮਲੇਸ਼ੀਆ ’ਤੇ ਹੈ। ਸਾਡੇ ਕੋਲ ਇੱਕ ਦਨਿ ਦਾ ਸਮਾਂ ਹੈ, ਜਿਸ ਵਿੱਚ ਅਸੀਂ ਮਲੇਸ਼ੀਆ ਦੀ ਖੇਡ ਦੇਖ ਕੇ ਉਸ ਖ਼ਿਲਾਫ਼ ਤਿਆਰੀ ਕਰਾਂਗੇ। ਸਾਡੇ ਪੂਲ ਵਿੱਚ ਕੋਰੀਆ ਵੀ ਹੈ, ਜੋ ਬਹੁਤ ਚੰਗੀ ਟੀਮ ਹੈ। ਅਸੀਂ ਪੂਲ ’ਚ ਸਿਖਰ ’ਤੇ ਰਹਿਣ ਦੀ ਕੋਸ਼ਿਸ਼ ਕਰਾਂਗੇ।’’ ਭਾਰਤ ਨੂੰ ਪਹਿਲੇ ਅੱਧ ’ਚ ਕਈ ਪੈਨਲਟੀ ਕਾਰਨਰ ਮਿਲੇ, ਜਨਿ੍ਹਾਂ ’ਚੋਂ ਪੰਜ ਭਾਰਤੀ ਖਿਡਾਰਨਾਂ ਨੇ ਗੋਲ ’ਚ ਬਦਲੇ। ਭਾਰਤ ਨੇ ਛੇਵੇਂ ਮਿੰਟ ’ਚ ਉਦਿਤਾ ਦੇ ਗੋਲ ਰਾਹੀਂ ਲੀਡ ਲਈ। ਦੋ ਮਿੰਟ ਬਾਅਦ ਸੁਸ਼ੀਲਾ ਨੇ ਪੈਨਲਟੀ ਸਟ੍ਰੋਕ ’ਤੇ ਗੋਲ ਕੀਤਾ। ਦੀਪਿਕਾ ਨੇ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਲੀਡ ਤਿੰਨ ਗੁਣਾ ਕਰ ਦਿੱਤੀ। ਨਵਨੀਤ ਨੇ 14ਵੇਂ ਮਿੰਟ ’ਚ ਲਗਾਤਾਰ ਦੋ ਗੋਲ ਕੀਤੇ, ਜਨਿ੍ਹਾਂ ’ਚੋਂ ਪਹਿਲਾ ਗੋਲ ਪੈਨਲਟੀ ’ਤੇ ਸੀ। ਦੀਪ ਗ੍ਰੇਸ ਨੇ ਅਗਲਾ ਗੋਲ ਪੈਨਲਟੀ ਕਾਰਨਰ ’ਤੇ ਕੀਤਾ ਜਿਸ ਤੋਂ ਬਾਅਦ ਸੰਗੀਤਾ ਨੇ ਸ਼ਾਨਦਾਰ ਮੈਦਾਨੀ ਗੋਲ ਕੀਤਾ।