ਨਵੀਂ ਦਿੱਲੀ, 28 ਜੁਲਾਈ
ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਨਵਨੀਤ ਕੌਰ ਦੇ ਦੋ ਗੋਲਾਂ ਦੀ ਬਦੌਲਤ ਵਾਪਸੀ ਕਰਦਿਆਂ ਸਪੈਨਿਸ਼ ਹਾਕੀ ਫੈਡਰੇਸ਼ਨ ਦੀ 100ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਟੂੁਰਨਾਮੈਂਟ ਦੇ ਦੂਜੇ ਮੈਚ ਵਿੱਚ ਮੇਜ਼ਬਾਨ ਸਪੇਨ ਨਾਲ 2-2 ਦਾ ਡਰਾਅ ਖੇਡਿਆ। ਨਵਨੀਤ ਨੇ 14ਵੇਂ ਅਤੇ 29ਵੇਂ ਮਿੰਟ ਵਿੱਚ ਗੋਲ ਦਾਗੇ। ਸਪੇਨ ਨੇ ਜਾਂਟਲ ਜਿਨੇ (13ਵੇਂ ਮਿੰਟ) ਦੀ ਮਦਦ ਨਾਲ ਲੀਡ ਲਈ ਅਤੇ ਘਰੇਲੂ ਟੀਮ ਲਈ ਦੂਜਾ ਗੋਲ ਦਾਗਿਆ ਵਿਦੋਸਾ ਨੇ 26ਵੇਂ ਮਿੰਟ ਵਿੱਚ ਦਾਗ਼ਿਆ। ਸਪੇਨ ਨੇ ਘਰੇਲੂ ਪ੍ਰਸਥਿਤੀਆਂ ਦਾ ਫਾਇਦਾ ਚੁੱਕਦਿਆਂ ਪਹਿਲੇ ਕੁਆਰਟਰ ਵਿੱਚ ਭਾਰਤੀ ਡਿਫੈਂਸ ’ਤੇ ਦਬਾਅ ਬਣਾਇਆ ਪਰ ਭਾਰਤੀ ਗੋਲਕੀਪਰ ਸਵਿਤਾ ਹਰ ਕੋਸ਼ਿਸ਼ ਨੂੰ ਅਸਫ਼ਲ ਕਰਦੀ ਰਹੀ। ਪਹਿਲੇ ਕੁਆਰਟਰ ਦੇ ਅਖ਼ੀਰ ਵਿੱਚ ਸਪੇਨ ਨੇ ਜਵਾਬੀ ਹਮਲੇ ਕੀਤੇ ਅਤੇ ਜਿਨੇ ਨੇ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕੀਤਾ। ਨਵਨੀਤ ਸਰਕਲ ਦੇ ਅੰਦਰ ਲੰਬੇ ਪਾਸ ਦਾ ਲਾਹਾ ਲੈਣ ਵਿੱਚ ਸਫ਼ਲ ਰਹੀ ਅਤੇ ਉਸ ਨੇ ਗੋਲ ਦਾਗ ਕੇ ਭਾਰਤ ਨੂੰ 1-1 ਦੀ ਬਰਾਬਰੀ ’ਤੇ ਲਿਆਂਦਾ। ਇਸ ਮਗਰੋਂ ਦੋਵਾਂ ਟੀਮਾਂ ਦੂਜੇ ਕੁਆਰਟਰ ਵਿੱਚ ਇੱਕ ਹੋਰ ਗੋਲ ਲਈ ਦਾਅ ਲਾ ਰਹੀਆਂ ਸਨ, ਜਿਸ ਦੌਰਾਨ ਭਾਰਤੀ ਖਿਡਾਰਨ ਦੀਪਿਕਾ ਦਾ ਪੂਰੇ ਜ਼ੋਰ ਨਾਲ ਲਾਇਆ ਸ਼ਾਟ ਨੈੱਟ ਦੇ ਉੱਪਰੋਂ ਲੰਘ ਗਿਆ, ਜਿਸ ’ਤੇ ਮੇਜ਼ਬਾਨ ਟੀਮ ਨੇ ਸੁੱਖ ਦਾ ਸਾਹ ਲਿਆ। ਇਸ ਕੁਆਰਟਰ ਦੇ ਖ਼ਤਮ ਹੋਣ ਵਿੱਚ ਕੁੱਝ ਮਿੰਟ ਹੀ ਬਚੇ ਸਨ ਅਤੇ ਵਿਦੋਸਾ ਨੇ ਪੈਨਲਟੀ ਕਾਰਨਰ ਦਾ ਪੂਰਾ ਲਾਹਾ ਲੈਂਦਿਆਂ ਗੋਲ ਦਾਗ਼ਿਆ, ਜਦਕਿ ਇਸ ਤੋਂ ਪਹਿਲਾਂ ਭਾਰਤੀ ਗੋਲਕੀਪਰ ਨੇ ਇੱਕ ਗੋਲ ਬਚਾਇਆ ਸੀ।