ਬਰਮਿੰਘਮ, 5 ਅਗਸਤ
ਹਰਮਨਪ੍ਰੀਤ ਸਿੰਘ ਦੀ ਹੈੱਟ੍ਰਿਕ ਦੇ ਦਮ ’ਤੇ ਆਖਰੀ ਲੀਗ ਮੈਚ ’ਚ ਵੇਲਜ਼ ਨੂੰ 4-1 ਨਾਲ ਹਰਾ ਕੇ ਭਾਰਤੀ ਟੀਮ ਨੇ ਪੂਲ ‘ਬੀ’ ’ਚ ਸਿਖਰ ’ਤੇ ਰਹਿੰਦਿਆਂ ਅੱਜ ਰਾਸ਼ਟਰ ਮੰਡਲ ਖੇਡਾਂ ’ਚ ਪੁਰਸ਼ਾਂ ਦੇ ਹਾਕੀ ਮੁਕਾਬਲੇ ਦੇ ਸੈਮੀ ਫਾਈਨਲ ’ਚ ਥਾਂ ਬਣਾ ਲਈ ਹੈ। ਪਹਿਲੇ ਮੈਚ ’ਚ ਘਾਨਾ ਨੂੰ 11-0 ਨਾਲ ਅਤੇ ਤੀਜੇ ਮੈਚ ’ਚ ਕੈਨੇਡਾ ਨੂੰ 8-0 ਨਾਲ ਹਰਾਉਣ ਵਾਲੀ ਭਾਰਤੀ ਟੀਮ ਨੇ ਇੰਗਲੈਂਡ ਨਾਲ 4-4 ਨਾਲ ਡਰਾਅ ਖੇਡਿਆ ਸੀ।
ਵਿਸ਼ਵ ਰੈਕਿੰਗ ’ਚ ਪੰਜਵੇਂ ਸਥਾਨ ’ਤੇ ਕਾਬਜ਼ ਮਨਪ੍ਰੀਤ ਸਿੰਘ ਦੀ ਭਾਰਤੀ ਟੀਮ ਪਲੱਸ 22 ਦੀ ਗੋਲ ਔਸਤ ਨਾਲ ਪੂਲ ‘ਬੀ’ ’ਚ ਸਿਖਰ ’ਤੇ ਰਹੀ ਅਤੇ ਹੁਣ ਸੈਮੀ ਫਾਈਨਲ ’ਚ ਉਸ ਦਾ ਸਾਹਮਣਾ ਆਸਟਰੇਲੀਆ ਨਾਲ ਨਹੀਂ ਹੋਵੇਗਾ ਬਸ਼ਰਤੇ ਇੰਗਲੈਂਡ ਆਖਰੀ ਮੈਚ ’ਚ ਕੈਨੇਡਾ ਨੂੰ 15-0 ਨਾਲ ਨਾ ਹਰਾਵੇ। ਇੰਗਲੈਂਡ ਨੂੰ ਅਜੇ ਕੈਨੇਡਾ ਨਾਲ ਆਖਰੀ ਮੈਚ ਖੇਡਣਾ ਹੈ ਅਤੇ 15 ਗੋਲ ਦੇ ਫਰਕ ਨਾਲ ਜਿੱਤ ਦਰਜ ਕਰਕੇ ਹੀ ਉਹ ਸਿਖਰ ’ਤੇ ਪਹੁੰਚ ਸਕਦਾ ਹੈ। ਸਿਖਰ ’ਤੇ ਰਹਿਣ ਵਾਲੀ ਟੀਮ ਨੂੰ ਸੈਮੀ ਫਾਈਨਲ ਵਿੱਚ ਨਹੀਂ ਖੇਡਣਾ ਪਵੇਗਾ।
ਟੋਕੀਓ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜੇਤੂ ਭਾਰਤ ਨੇ ਆਖਰੀ ਲੀਗ ਮੈਚ ’ਚ ਹਮਲਾਵਰ ਸ਼ੁਰੂਆਤ ਕੀਤੀ ਅਤੇ ਦੂਜੇ ਕੁਆਰਟਰ ’ਚ ਹਰਮਨਪ੍ਰੀਤ ਨੇ ਦੋ ਪੈਨਲਟੀ ਕਾਰਨਰ ਗੋਲ ’ਚ ਤਬਦੀਲ ਕਰਕੇ ਟੀਮ ਨੂੰ ਅੱਧੇ ਸਮੇਂ ਤੱਕ 2-0 ਦੀ ਲੀਡ ਦਿਵਾ ਦਿੱਤੀ। ਹਰਮਨਪ੍ਰੀਤ ਤੇ ਗੁਰਜੰਟ ਸਿੰਘ ਨੇ ਆਖਰੀ ਦੋ ਕੁਆਰਟਰ ’ਚ ਇੱਕ-ਇੱਕ ਗੋਲ ਕਰਕੇ ਲੀਡ ਨੂੰ 4-0 ਤੱਕ ਕਰ ਦਿੱਤਾ ਸੀ।
ਵੇਲਸ ਵੱਲੋਂ ਇੱਕਲੌਤਾ ਗੋਲ ਜੈਰੇਥ ਫਰਲੌਂਗ ਨੇ ਚੌਥੇ ਕੁਆਰਟਰ ਵਿੱਚ ਕੀਤਾ। ਸੈਮੀਫਾਈਨਲ ਮੁਕਾਬਲੇ 6 ਅਗਸਤ ਸ਼ਨਿਚਰਵਾਰ ਨੂੰ ਹੋਣਗੇ। ਭਾਰਤ ਵੱਲੋਂ ਹਰਮਨਪ੍ਰੀਤ ਨੇ 19ਵੇਂ, 20ਵੇਂ ਤੇ 40ਵੇਂ ਮਿੰਟ ’ਚ ਦੋ ਗੋਲ ਪੈਨਲਟੀ ਕਾਰਨਰ ’ਤੇ ਦਾਗੇ ਤੇ ਇੱਕ ਗੋਲ ਪੈਨਲਟੀ ਸਟ੍ਰੋਕ ਕੀਤਾ ਜਦਕਿ ਗੁਰਜੰਟ ਨੇ 49ਵੇਂ ਮਿੰਟ ’ਚ ਫੀਲਡ ਗੋਲ ਦਾਗਿਆ। ਵੇਲਜ਼ ਵੱਲੋਂ ਇਕਲੌਤਾ ਗੋਲ ਜੈਰੇਥ ਫਰਲੌਂਗ ਨੇ 55ਵੇਂ ਮਿੰਟ ਵਿੱਚ ਕੀਤਾ ਗਿਆ।