ਲੁਸਾਨੇ (ਸਵਿਟਜ਼ਰਲੈਂਡ), ਭਾਰਤੀ ਪੁਰਸ਼ ਹਾਕੀ ਟੀਮ ਨੂੰ ਅੱਜ ਟੋਕੀਓ ਓਲੰਪਿਕ ਕੁਆਲੀਫਾਇਰ ਦੇ ਆਖ਼ਰੀ ਗੇੜ ਵਿੱਚ ਆਸਾਨ ਡਰਾਅ ਮਿਲਿਆ, ਜਿੱਥੇ ਉਸ ਨੇ ਹੇਠਲੇ ਦਰਜੇ ਦੀ ਰੂਸੀ ਟੀਮ ਨਾਲ ਭਿੜਨਾ ਹੈ। ਦੂਜੇ ਪਾਸੇ ਮਹਿਲਾ ਟੀਮ ਦੀ ਟੱਕਰ ਅਮਰੀਕਾ ਨਾਲ ਹੋਵੇਗੀ। ਟੋਕੀਓ ਖੇਡਾਂ ਵਿੱਚ ਥਾਂ ਬਣਾਉਣ ਲਈ ਟੀਮਾਂ ਵਿਚਾਲੇ ਲਗਾਤਾਰ ਦੋ ਮੈਚ ਹੋਣਗੇ। ਭਾਰਤੀ ਪੁਰਸ਼ ਟੀਮ ਪਹਿਲੀ ਅਤੇ ਦੋ ਨਵੰਬਰ ਨੂੰ ਦੋ ਮੈਚ ਰੂਸ ਨਾਲ ਖੇਡੇਗੀ, ਜਦਕਿ ਮਹਿਲਾ ਟੀਮ ਦੋ ਅਤੇ ਤਿੰਨ ਨਵੰਬਰ ਨੂੰ ਭੁਬਨੇਸ਼ਵਰ ਵਿੱਚ ਅਮਰੀਕਾ ਨਾਲ ਭਿੜੇਗੀ। ਅੱਠ ਵਾਰ ਦੇ ਓਲੰਪਿਕ ਚੈਂਪੀਅਨ ਭਾਰਤ ਦੀ ਐੱਫਆਈਐੱਚ ਵਿਸ਼ਵ ਦਰਜਾਬੰਦੀ ਪੰਜ, ਜਦਕਿ ਰੂਸ ਦੀ 22 ਹੈ।
ਇਸੇ ਸਾਲ ਭੁਬਨੇਸ਼ਵਰ ਵਿੱਚ ਐੱਫਆਈਐੱਚ ਸੀਰੀਜ਼ ਫਾਈਨਲਜ਼ ਦੌਰਾਨ ਵੀ ਭਾਰਤ ਨੇ ਰੂਸ ਨੂੰ 10-0 ਗੋਲਾਂ ਨਾਲ ਹਰਾਇਆ ਸੀ। ਅਮਰੀਕਾ ਦੀ ਮਹਿਲਾ ਟੀਮ ਦਰਜਾਬੰਦੀ ਵਿੱਚ 11ਵੇਂ ਅਤੇ ਭਾਰਤੀ ਮਹਿਲਾ ਟੀਮ ਨੌਵੇਂ ਸਥਾਨ ’ਤੇ ਹੈ। ਰਾਣੀ ਰਾਮਪਾਲ ਦੀ ਅਗਵਾਈ ਵਾਲੀ ਭਾਰਤੀ ਟੀਮ ਲਈ ਇਹ ਮੁਕਾਬਲਾ ਸੌਖਾ ਨਹੀਂ ਹੋਵੇਗਾ। ਬੀਤੇ ਸਾਲ ਲੰਡਨ ਵਿੱਚ ਮਹਿਲਾ ਵਿਸ਼ਵ ਕੱਪ ਦੌਰਾਨ ਦੋਵਾਂ ਟੀਮਾਂ ਵਿਚਾਲੇ ਹੋਇਆ ਪਿਛਲਾ ਮੁਕਾਬਲਾ ਕਾਫ਼ੀ ਮੁਸ਼ਕਲ ਰਿਹਾ ਸੀ, ਜੋ 1-1 ਗੋਲ ਨਾਲ ਡਰਾਅ ਰਿਹਾ।
ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗਰਾਹਮ ਰੀਡ ਨੇ ਕਿਹਾ ਕਿ ਉਸ ਨੂੰ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਯਕੀਨ ਹੈ। ਰੀਡ ਨੇ ਕਿਹਾ, ‘‘ਅਸੀਂ ਓਲੰਪਿਕ ਕੁਆਲੀਫਿਕੇਸ਼ਨ ਹਾਸਲ ਕਰਨ ਲਈ ਦ੍ਰਿੜ੍ਹ ਹਾਂ ਅਤੇ ਇਸ ਦੌਰਾਨ ਸਾਡਾ ਧਿਆਨ ਆਪਣੇ ਡਿਫੈਂਸ ਨੂੰ ਸੁਧਾਰਨ ’ਤੇ ਰਹੇਗਾ। ਮੇਰਾ ਮੰਨਣਾ ਹੈ ਕਿ ਦੁਨੀਆਂ ਦੀਆਂ ਸਰਵੋਤਮ ਟੀਮਾਂ ਖ਼ਿਲਾਫ਼ ਖੇਡਣ ਨਾਲ ਸਾਨੂੰ ਕੁਆਲੀਫਾਇਰ ਦੇ ਲਈ ਚੰਗਾ ਮੰਚ ਮਿਲੇਗਾ।’’
ਭਾਰਤੀ ਮਹਿਲਾ ਹਾਕੀ ਟੀਮ ਦਾ ਕੋਚ ਸਯੋਰਡ ਮਾਰਿਨ ਵੀ ਆਪਣੀ ਟੀਮ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਆਸਵੰਦ ਹੈ। ਕੁਆਲੀਫਾਇਰ ਦੀਆਂ ਤਿਆਰੀਆਂ ਤਹਿਤ ਭਾਰਤੀ ਮਹਿਲਾ ਟੀਮ ਇਸ ਮਹੀਨੇ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਖੇਡੇਗੀ। ਰਾਣੀ ਰਾਮਪਾਲ ਨੇ ਕਿਹਾ, ‘‘ਮੈਂ ਹਮੇਸ਼ਾ ਤੋਂ ਮੰਨਦੀ ਰਹੀ ਹਾਂ ਕਿ ਜੇਕਰ ਸਾਡੀ ਤਿਆਰੀ ਬਿਹਤਰ ਹੈ ਤਾਂ ਇਹ ਮਾਅਨੇ ਨਹੀਂ ਰੱਖਦਾ ਕਿ ਅਸੀਂ ਕਿਹੜੀ ਟੀਮ ਖ਼ਿਲਾਫ਼ ਖੇਡ ਰਹੇ ਹਾਂ ਅਤੇ ਇਸ ’ਤੇ ਸਾਡਾ ਧਿਆਨ ਹੈ।’’

ਪੁਰਸ਼ ਵਰਗ ਦੇ ਹੋਰ ਕੁਆਲੀਫਾਇਰ ਮੈਚਾਂ ਵਿੱਚ ਨੀਦਰਲੈਂਡ ਦਾ ਸਾਹਮਣਾ ਪਾਕਿਸਤਾਨ, ਗ੍ਰੇਟ ਬ੍ਰਿਟੇਨ ਦਾ ਮਲੇਸ਼ੀਆ, ਸਪੇਨ ਦਾ ਫਰਾਂਸ ਨਾਲ ਸਾਹਮਣਾ ਹੋਵੇਗਾ, ਜਦਕਿ ਨਿਊਜ਼ੀਲੈਂਡ ਨੂੰ ਕੋਰੀਆ ਅਤੇ ਕੈਨੇਡਾ ਨੇ ਆਇਰਲੈਂਡ ਨਾਲ ਭਿੜਨਾ ਹੈ। ਜਰਮਨੀ ਨੂੰ ਇਸ ਕੁਆਲੀਫਾਇਰ ਵਿੱਚ ਆਸਟਰੀਆ ਦੀ ਚੁਣੌਤੀ ਤੋਂ ਪਾਰ ਪਾਉਣਾ ਹੋਵੇਗਾ। ਮਹਿਲਾ ਵਰਗ ਵਿੱਚ ਆਸਟਰੇਲੀਆ ਦਾ ਸਾਹਮਣਾ ਰੂਸ ਨਾਲ ਹੋਵੇਗਾ, ਜਦਕਿ ਜਰਮਨੀ ਨੇ ਇਟਲੀ, ਬਰਤਾਨੀਆ ਨੇ ਚਿੱਲੀ, ਸਪੇਨ ਨੇ ਕੋਰੀਆ, ਆਇਰਲੈਂਡ ਨੇ ਕੈਨੇਡਾ ਅਤੇ ਚੀਨ ਨੇ ਬੈਲਜੀਅਮ ਨਾਲ ਭਿੜਨਾ ਹੈ।