ਸੈਂਟਿਆਗੋ, 25 ਜਨਵਰੀ
ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੇ ਅੱਜ ਇੱਥੇ ਚਿੱਲੀ ਦੀ ਸੀਨੀਅਰ ਟੀਮ ’ਤੇ 2-0 ਨਾਲ ਜਿੱਤ ਹਾਸਲ ਕੀਤੀ ਹੈ। ਭਾਰਤੀ ਟੀਮ ਦੇ ਚਿੱਲੀ ਦੌਰੇ ਦਾ ਇਹ ਪੰਜਵਾਂ ਮੈਚ ਸੀ। ਇਨ੍ਹਾਂ ’ਚੋਂ ਭਾਰਤ ਨੇ ਚਾਰ ਵਿੱਚ ਜਿੱਤ ਦਰਜ ਕੀਤੀ ਜਦਕਿ ਇੱਕ ਮੈਚ ਡਰਾਅ ਰਿਹਾ। ਚਿੱਲੀ ਦੀ ਸੀਨੀਅਰ ਟੀਮ ਨੇ ਪਹਿਲੇ ਤਿੰਨ ਕੁਆਰਟਰਾਂ ’ਚ ਸਖ਼ਤ ਚੁਣੌਤੀ ਪੇਸ਼ ਕੀਤੀ ਪਰ ਆਖਰੀ ਕੁਆਰਟਰ ’ਚ ਭਾਰਤ ਨੇ ਦੋ ਗੋਲ ਕਰ ਕੇ ਮੈਚ ਜਿੱਤ ਲਿਆ। ਭਾਰਤੀ ਟੀਮ ਦੂਸਰੇ ਕੁਆਰਟਰ ’ਚ ਉਸ ਵੇਲੇ ਦਬਾਅ ਵਿੱਚ ਦਿਸੀ ਜਦੋਂ ਚਿੱਲੀ ਨੇ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਚਿੱਲੀ ਇਨ੍ਹਾਂ ਦਾ ਲਾਹਾ ਨਾ ਲੈ ਸਕੀ। ਇਸੇ ਤਰ੍ਹਾਂ ਤੀਜੇ ਕੁਆਰਟਰ ਦੇ 32ਵੇਂ ਮਿੰਟ ਵਿੱਚ ਭਾਰਤ ਨੇ ਵੀ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਭਾਰਤੀ ਟੀਮ ਵੀ ਇਸ ਨੂੰ ਗੋਲ ਵਿੱਚ ਨਾ ਬਦਲ ਸਕੀ। ਅੰਤ ਵਿੱਚ ਸੰਗੀਤਾ ਕੁਮਾਰੀ ਨੇ 48ਵੇਂ ਮਿੰਟ ਅਤੇ ਸੁਸ਼ਮਾ ਕੁਮਾਰੀ ਨੇ 56ਵੇਂ ਮਿੰਟ ਵਿੱਚ ਗੋਲ ਕਰ ਕੇ ਭਾਰਤੀ ਟੀਮ ਨੂੰ ਜਿੱਤ ਦਿਵਾਈ।