ਨਵੀਂ ਦਿੱਲੀ, 23 ਫਰਵਰੀ
ਉਭਰਦੇ ਫਾਰਵਰਡ ਸੁਖਜੀਤ ਸਿੰਘ ਨੂੰ ਸਪੇਨ ਖ਼ਿਲਾਫ਼ ਇਸ ਹਫ਼ਤੇ ਦੇ ਅਖ਼ੀਰ ਵਿੱਚ ਹੋਣ ਵਾਲੇ ਐੱਫਆਈਐੱਚ ਪ੍ਰੋ ਲੀਗ ਮੈਚਾਂ ਲਈ ਅੱਜ ਐਲਾਨੀ 20 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਭਾਰਤੀ ਟੀਮ 26 ਅਤੇ 27 ਫਰਵਰੀ ਨੂੰ ਸਪੇਨ ਦਾ ਸਾਹਮਣਾ ਕਰੇਗੀ। ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਮਨਪ੍ਰੀਤ ਦੇ ਨਾਲ ਉਪ ਕਪਤਾਨ ਬਣਾਇਆ ਗਿਆ ਹੈ। ਪੰਜਾਬ ਦਾ 25 ਸਾਲਾ ਸੁਖਜੀਤ ਟੀਮ ਵਿੱਚ ਸ਼ਾਮਲ ਇਕਲੌਤਾ ਨਵਾਂ ਚਿਹਰਾ ਹੈ। ਉਸ ਨੂੰ ਪਿਛਲੇ ਸਾਲ ਪਹਿਲੀ ਹਾਕੀ ਇੰਡੀਆ ਅੰਤਰ-ਵਿਭਾਗੀ ਕੌਮੀ ਚੈਂਪੀਅਨਸ਼ਿਪ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਮਗਰੋਂ ਕੋਰ ਗਰੁੱਪ ਵਿੱਚ ਚੁਣਿਆ ਗਿਆ ਸੀ। ਭਾਰਤ ਨੇ ਉਨ੍ਹਾਂ ਖਿਡਾਰੀਆਂ ’ਤੇ ਹੀ ਭਰੋਸਾ ਦਿਖਾਇਆ ਹੈ, ਜਿਨ੍ਹਾਂ ਨੂੰ ਪਹਿਲਾਂ ਅਜ਼ਮਾਇਆ ਜਾ ਚੁੱਕਿਆ ਹੈ। ਮੁੱਖ ਕੋਚ ਗ੍ਰਾਹਮ ਰੀਡ ਨੇ ਇਸ ਨੂੰ ਸੰਤੁਲਿਤ ਟੀਮ ਕਰਾਰ ਦਿੱਤਾ ਹੈ। ਰੀਡ ਨੇ ਕਿਹਾ, ‘‘ਅਸੀਂ ਇਸ ਹਫ਼ਤੇ ਸਪੇਨ ਖ਼ਿਲਾਫ਼ ਹੋਣ ਵਾਲੇ ਮੈਚਾਂ ਲਈ ਸੰਤੁਲਿਤ ਟੀਮ ਚੁਣੀ ਹੈ ਅਤੇ ਅਸੀਂ ਭੁਬਨੇਸ਼ਵਰ ਵਿੱਚ ਆਪਣੇ ਘਰੇਲੂ ਮੈਦਾਨ ’ਤੇ ਖੇਡਣ ਲਈ ਤਿਆਰ ਹਾਂ।’’ ਉਨ੍ਹਾਂ ਕਿਹਾ, ‘‘ਸਪੇਨ ਦੀ ਟੀਮ ਕੋਲ ਨਵਾਂ ਕੋਚ ਹੈ ਅਤੇ ਉਹ ਇੰਗਲੈਂਡ ਤੋਂ ਹਾਰਨ ਮਗਰੋਂ ਚੰਗਾ ਪ੍ਰਦਰਸ਼ਨ ਕਰਨ ਲਈ ਬੇਤਾਬ ਹੈ। ਇਹ ਮੈਚ ਸਾਲ ਦੇ ਰੁਝੇਵੇਂ ਵਾਲੇ ਪ੍ਰੋਗਰਾਮ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਵੀ ਅਹਿਮ ਹਨ।’’ ਭਾਰਤ ਦਾ ਪ੍ਰੋ ਲੀਗ ਵਿੱਚ ਹੁਣ ਤੱਕ ਰਲਵਾਂ-ਮਿਲਵਾਂ ਪ੍ਰਦਰਸ਼ਨ ਰਿਹਾ ਹੈ। ਉਸ ਨੇ ਦੱਖਣੀ ਅਫਰੀਕਾ ਵਿੱਚ ਖੇਡੇ ਗਏ ਮੈਚਾਂ ਵਿੱਚ ਮੇਜ਼ਬਾਨ ਨੂੰ ਹਰਾਇਆ ਸੀ, ਪਰ ਉਹ ਫਰਾਂਸ ਤੋਂ ਹਾਰ ਗਿਆ ਸੀ।