ਨਵੀਂ ਦਿੱਲੀ, 10 ਅਗਸਤ
ਭਾਰਤੀ ਹਾਕੀ ਟੀਮ ਦਾ ਫਾਰਵਰਡ ਮਨਦੀਪ ਸਿੰਘ ਕਰੋਨਾ ਦੀ ਲਪੇਟ ’ਚ ਆ ਗਿਆ ਹੈ। ਇਸ ਘਾਤਕ ਰੋਗ ਦੀ ਜ਼ੱਦ ਵਿੱਚ ਆਉਣ ਵਾਲਾ ਉਹ 6ਵਾਂ ਕੌਮੀ ਹਾਕੀ ਖਿਡਾਰੀ ਹੈ। ਭਾਰਤੀ ਖੇਡ ਅਥਾਰਿਟੀ (ਸਾਈ) ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਲੰਧਰ ਨਾਲ ਸਬੰਧਤ 25 ਸਾਲਾ ਇਸ ਖਿਡਾਰੀ ਵਿੱਚ ਭਾਵੇਂ ਹਾਲ ਦੀ ਘੜੀ ਕਰੋਨਾ ਦੇ ਕੋਈ ਲੱਛਣ ਨਜ਼ਰ ਨਹੀਂ ਆ ਰਹੇ, ਪਰ ਬੰਗਲੌਰ ਵਿੱਚ ਉਸ ਦਾ ਪੰਜ ਹੋਰਨਾਂ ਖਿਡਾਰੀਆਂ ਨਾਲ ਇਲਾਜ ਚੱਲ ਰਿਹਾ ਹੈ। ਬੰਗਲੌਰ ਸਥਿਤ ਸਾਈ ਕੇਂਦਰ ਵਿੱਚ 20 ਅਗਸਤ ਤੋਂ ਕੌਮੀ ਕੌਂਪ ਸ਼ੁਰੂ ਹੋਣਾ ਹੈ। ਭਾਰਤੀ ਕਪਤਾਨ ਮਨਪ੍ਰੀਤ ਸਿੰਘ ਤੇ ਚਾਰ ਹੋਰ ਖਿਡਾਰੀ ਇਕ ਮਹੀਨੇ ਦੀ ਬ੍ਰੇਕ ਮਗਰੋਂ ਸਾਈ ਕੇਂਦਰ ਵਾਪਸ ਆਉਣ ’ਤੇ ਪਿਛਲੇ ਹਫ਼ਤੇ ਕਰੋਨਾ ਪਾਜ਼ੇਟਿਵ ਪਾਏ ਗਏ ਸੀ। ਹੋਰਨਾਂ ਚਾਰ ਖਿਡਾਰੀਆਂ ’ਚ ਡਿਫੈਂਡਰ ਸੁਰਿੰਦਰ ਕੁਮਾਰ, ਜਸਕਰਨ ਸਿੰਘ, ਡਰੈਗ ਫਲਿੱਕਰ ਵਰੁਣ ਕੁਮਾਰ ਤੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਸ਼ਾਮਲ ਹਨ। ਇਨ੍ਹਾਂ ਸਾਰੇ ਖਿਡਾਰੀਆਂ ਨੂੰ ਬੰਗਲੌਰ ਦੇ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਵਿੱਚ ਰੱਖਿਆ ਗਿਆ ਹੈ।