ਕੋਚੀ, 11 ਫਰਵਰੀ
ਕੇਰਲਾ ਹਾਈ ਕੋਰਟ ਦੇ ਇਕ ਬੈਂਚ ਨੇ ਧੋਖਾਧੜੀ ਦੇ ਮਾਮਲੇ ਵਿੱਚ ਬੌਲੀਵੁੱਡ ਅਦਾਕਾਰਾ ਸਨੀ ਲਿਓਨੀ ਤੇ ਉਸ ਦੇ ਦੋ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ ਹੈ। ਇਸ ਸਬੰਧੀ ਕੋਚੀ ਦੀ ਇਕ ਈਵੈਂਟ ਮੈਨੇਜਮੈਂਟ ਕੰਪਨੀ ਵੱਲੋਂ ਸਨੀ ਲਿਓਨੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਅਦਾਲਤ ਨੇ ਕੇਰਲਾ ਪੁਲੀਸ ਦੀ ਅਪਰਾਧ ਸ਼ਾਖਾ ਨੂੰ ਮਾਮਲੇ ਦੀ ਪੜਤਾਲ ਕਰਨ ਦੀ ਹਦਾਇਤ ਕੀਤੀ ਤੇ ਆਖਿਆ ਉਦੋਂ ਤੱਕ ਤਿੰਨੋਂ ਜਣਿਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ, ਜਦੋਂ ਤੱਕ ਇਨ੍ਹਾਂ ਨੂੰ ਅਪਰਾਧਕ ਪ੍ਰਕਿਰਿਆ ਤਹਿਤ ਨੋਟਿਸ ਨਹੀਂ ਕੀਤੇ ਜਾਂਦੇ। ਜ਼ਿਕਰਯੋਗ ਹੈ ਕਿ ਬੀਤੀ ਤਿੰਨ ਫਰਵਰੀ ਨੂੰ ਕੇਰਲਾ ਪੁਲੀਸ ਵੱਲੋਂ ਮਾਮਲੇ ਸਬੰਧੀ ਤਿਰੂਵਨੰਤਪੁਰਮ ਸਥਿਤ ਇੱਕ ਨਿੱਜੀ ਰਿਜ਼ੌਰਟ ਵਿੱਚ ਅਦਾਕਾਰਾ ਤੋਂ ਪੁੱਛ-ਪੜਤਾਲ ਕੀਤੀ ਗਈ ਸੀ। ਇਸ ਦੌਰਾਨ ਉਸ ਨੇ ਸਾਰੀ ਘਟਨਾ ਬਾਰੇ ਆਪਣਾ ਸਪੱਸ਼ਟੀਕਰਨ ਦਿੱਤਾ ਤੇ ਕਿਹਾ ਉਸ ਨੇ ਕੁਝ ਵੀ ਗ਼ਲਤ ਨਹੀਂ ਕੀਤਾ। ਕੋਚੀ ਵਿੱਚ ਸਮਾਗਮ ਕਰਵਾਉਣ ਵਾਲੇ ਆਰ. ਸ਼ਿਆਜ਼ ਨੇ ਕੇਰਲਾ ਦੇ ਡੀਜੀਪੀ ਕੋਲ ਕੀਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਸਨੀ ਲਿਓਨੀ ਨੇ ਉਸ ਤੋਂ ਸੂਬੇ ’ਚ ਵੱਖ-ਵੱਖ ਥਾਵਾਂ ’ਤੇ ਹੋਣ ਵਾਲੇ ਉਦਘਾਟਨ ਸਮਾਗਮਾਂ ਵਿੱਚ ਸ਼ਾਮਲ ਹੋਣ ਬਦਲੇ 29 ਲੱਖ ਰੁਪਏ ਲਏ ਹਨ, ਪਰ ਉਸ ਵੱਲੋਂ ਅਜਿਹਾ ਨਹੀਂ ਕੀਤਾ ਗਿਆ।