ਨਵੀਂ ਦਿੱਲੀ, 20 ਅਕਤੂਬਰ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਹੁਕਮ ਦਿੱਤਾ ਹੈ ਕਿ ਧਰਮ ਦੇ ਨਾਂ ਉਤੇ ਹਿੰਸਾ ਭੜਕਾਉਣ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕ ਬਿਨਾਂ ਤੱਥਾਂ ਦੀ ਜਾਂਚ ਕੀਤੇ ਸੋਸ਼ਲ ਮੀਡੀਆ ਉਤੇ ਚੱਲ ਰਹੇ ਕਿਸੇ ਵੀ ਘਟਨਾਕ੍ਰਮ ਉਤੇ ਭਰੋਸਾ ਨਾ ਕਰਨ। ਜ਼ਿਕਰਯੋਗ ਹੈ ਕਿ ਪਿਛਲੇ ਬੁੱਧਵਾਰ ਤੋਂ ਬੰਗਲਾਦੇਸ਼ ਵਿਚ ਹਿੰਦੂ ਮੰਦਰਾਂ ਉਤੇ ਹਮਲੇ ਵਧ ਗਏ ਹਨ। ਦੁਰਗਾ ਪੂਜਾ ਦੌਰਾਨ ਸੋਸ਼ਲ ਮੀਡੀਆ ਉਤੇ ਪਾਈ ਗਈ ਇਕ ਵਿਵਾਦਤ ਪੋਸਟ ਮਗਰੋਂ ਇਹ ਹਮਲੇ ਹੋਏ ਸਨ। ਕੈਬਨਿਟ ਮੀਟਿੰਗ ਵਿਚ ਪ੍ਰਧਾਨ ਮੰਤਰੀ ਹਸੀਨਾ ਨੇ ਗ੍ਰਹਿ ਮੰਤਰੀ ਅਸਦੂਜ਼ਮਾਨ ਖਾਨ ਨੂੰ ਤੁਰੰਤ ਕਾਰਵਾਈ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨੇ ਮੰਤਰਾਲੇ ਨੂੰ ਚੌਕਸ ਰਹਿਣ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਚੁੱਕਣ ਵਾਸਤੇ ਕਿਹਾ ਹੈ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਵੱਖ-ਵੱਖ ਹਮਲਿਆਂ ਵਿਚ ਛੇ ਹਿੰਦੂ ਮਾਰੇ ਗਏ ਹਨ। ਹਸੀਨਾ ਨੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ ਹੈ। 

ਇਸੇ ਦੌਰਾਨ ਸੱਤਾਧਾਰੀ ਅਵਾਮੀ ਲੀਗ ਫ਼ਿਰਕੂ ਹਿੰਸਾ ਵਿਰੁੱਧ ਪੂਰੇ ਮੁਲਕ ਵਿਚ ਸ਼ਾਂਤੀ ਜਲੂਸ ਕੱਢ ਰਹੀ ਹੈ। ਅਵਾਮੀ ਲੀਗ ਨੇ ਇਕ ਰੈਲੀ ਵਿਚ ਕਿਹਾ ‘ਹਿੰਦੂ ਭੈਣ-ਭਰਾ ਡਰਨ ਨਾ, ਸ਼ੇਖ ਹਸੀਨਾ ਤੇ ਅਵਾਮੀ ਲੀਗ ਉਨ੍ਹਾਂ ਦੇ ਨਾਲ ਹੈ। ਸ਼ੇਖ ਹਸੀਨਾ ਸਰਕਾਰ ਘੱਟ ਗਿਣਤੀਆਂ ਦੀ ਦੋਸਤ ਹੈ।’ ਪਾਰਟੀ ਆਗੂਆਂ ਨੇ ਕਿਹਾ ਕਿ ਫ਼ਿਰਕੂ ਤਾਕਤਾਂ ਨਾਲ ਨਜਿੱਠਣ ਲਈ ਉਹ ਸੜਕਾਂ ਉਤੇ ਰਹਿਣਗੇ।