ਉਹ ਦਸ ਗਿਆਰਾਂ ਸਾਲ ਦੀ ਬੱਚੀ ਸੀ ਜਿਹੜੀ ਵਿਆਹ ਵਾਲੇ ਘਰ ਹਾਜ਼ਰ ਸੀ। ਮੇਰੀ ਭਾਣਜੀ ਦਾ ਵਿਆਹ ਸੀ ਅਤੇ ਅਸੀਂ ਸਾਰਾ ਪਰਿਵਾਰ ਨਾਨਕਾ ਮੇਲ ਵਜੋਂ ਸ਼ਾਮਲ ਹੋਏ ਸਾਂ। ਪੂਰੇ ਦੋ ਦਿਨ ਉੱਥੇ ਰਹੇ ਸਾਂ ਤੇ ਮੈਂ ਪਹਿਲੇ ਦਿਨ ਤੋਂ ਹੀ ਮਹਿਸੂਸ ਕੀਤਾ ਕਿ ਉਹ ਬੱਚੀ ਮੇਰੀ ਭੈਣ ਦੇ ਨਾਲ ਨਾਲ ਪ੍ਰਛਾਵੇਂ ਵਾਂਗ ਵਿਚਰ ਰਹੀ ਸੀ। ਉਹ ਨਾ ਤਾਂ ਸਾਡੀ ਕੋਈ ਰਿਸ਼ਤੇਦਾਰ ਸੀ ਤੇ ਨਾ ਹੀ ਕਿਸੇ ਮਿੱਤਰ ਪਰਿਵਾਰ ’ਚੋਂ।
ਭੈਣ ਅਲਮਾਰੀ ’ਚੋਂ ਚੀਜ਼ਾਂ ਕੱਢਦੀ ਤਾਂ ਉਹ ਝੱਟ ਕੋਲ ਜਾ ਖਲੋਂਦੀ ਤੇ ਉਨ੍ਹਾਂ ਨੂੰ ਫੜ੍ਹ-ਫੜ੍ਹ ਸਲੀਕੇ ਨਾਲ ਥਾਂ-ਸਿਰ ਟਿਕਾਉਂਦੀ। ਭੈਣ ਨੂੰ ਆਪਣੇ ਵੱਲੋਂ ਰੱਖੀ ਹੋਈ ਕੋਈ ਚੀਜ਼ ਜਦੋਂ ਨਾ ਲੱਭਦੀ ਤਾਂ ਉਹ ਛੋਟੀ ਬੱਚੀ ਪਤਾ ਨਹੀਂ ਕਿੱਥੋਂ ਲੱਭ ਕੇ ਲਿਆ ਫੜਾਉਂਦੀ।
ਜਦ ਭੈਣ ਨੇਲ ਪਾਲਿਸ਼ ਲਗਾਉਣ ਲੱਗੀ ਤਾਂ ਉਹ ਉਤਸੁਕਤਾ-ਭਰਪੂਰ ਨਜ਼ਰਾਂ ਨਾਲ ਤੱਕਣ ਲੱਗੀ।
ਉਹਦੇ ਮਨ ਦੀ ਰੀਝ ਭਾਂਪਦਿਆਂ ਭੈਣ ਨੇ ਉਹਦੇ ਨਹੁੰਆਂ ਉੱਪਰ ਵੀ ਨੇਲ ਪਾਲਿਸ਼ ਲਗਾ ਦਿੱਤੀ ਤਾਂ ਉਹਦਾ ਚਿਹਰਾ ਚਮਕ ਉੱਠਿਆ।
ਕਦੇ ਉਹ ਚਾਈਂ-ਚਾਈਂ ਰਸੋਈ ਵੱਲ ਭੱਜੀ ਜਾਂਦੀ ਤੇ ਉੱਥੋਂ ਕੁਝ ਨਾ ਕੁਝ ਖਾਣ ਜਾਂ ਪੀਣ ਲਈ ਲੈ ਆਉਂਦੀ ਤੇ ਮੇਰੀ ਭੈਣ ਨੂੰ ਫੜਾਉਂਦਿਆਂ ਆਖਦੀ, ‘‘ਮੈਡਮ ਜੀ! ਲੈ ਲਓ ਕੁਝ ਖਾਣ ਪੀਣ ਨੂੰ, ਕਿੰਨੀ ਦੇਰ ਤੋਂ ਤੁਸੀਂ ਕੁਝ ਵੀ ਨਹੀਂ ਖਾਧਾ।’’ ਜਦ ਕਦੇ ਭੈਣ ਆਪਣੀ ਦਰਦ ਕਰਦੀ ਪਿੱਠ ਸਿੱਧੀ ਕਰਦਿਆਂ ਕਸੀਸ ਵੱਟਦੀ ਤਾਂ ਬੱਚੀ ਤਰਸ ਭਰੀਆਂ ਨਜ਼ਰਾਂ ਨਾਲ ਝਾਕਦਿਆਂ ਆਖਦੀ, ‘‘ਮੈਡਮ, ਥੋੜ੍ਹਾ ਆਰਾਮ ਕਰ ਲਵੋ, ਥੱਕ ਗਏ ਤੁਸੀਂ ਤਾਂ…।’’
ਭੈਣ ਉਹਦਾ ਸਿਰ ਪਲੋਸਦਿਆਂ ਪਿਆਰ ਜਤਾਉਂਦੀ ਆਖਦੀ, ‘‘ਕੁੜੇ! ਅਜੇ ਭੋਰਾ ਜਿੰਨੀ ਏਂ ਤੇ ਕਿੰਨੇ ਕੰਮ ਕਰ ਦਿੰਨੀ ਏਂ ਤੂੰ ਮੇਰੇ। ਆਪ ਤਾਂ ਥੱਕਦੀ ਨਹੀਂ ਤੂੰ… ਤੇ ਮੇਰੇ ਥਕੇਵੇਂ ਦਾ ਤੈਨੂੰ ਬੜਾ ਫ਼ਿਕਰ ਰਹਿੰਦਾ ਏ…।’’
ਮੈਥੋਂ ਰਿਹਾ ਨਾ ਗਿਆ ਤਾਂ ਸਰਕਾਰੀ ਸਕੂਲ ’ਚ ਮੁੱਖ ਅਧਿਆਪਕਾ ਵਜੋਂ ਸੇਵਾ ਨਿਭਾਉਂਦੀ ਆਪਣੀ ਭੈਣ ਨੂੰ ਪੁੱਛ ਬੈਠਾ, ‘‘ਕੌਣ ਹੈ ਇਹ ਕੁੜੀ, ਭੈਣੇ?’’
‘‘ਮਾਂ-ਵਾਹਰੀ ਏ ਵਿਚਾਰੀ… ਮੇਰੇ ਸਕੂਲ ਦੀ ਪੰਜਵੀਂ ਜਮਾਤ ਵਿੱਚ ਪੜ੍ਹਦੀ ਏ।’’ ਭੈਣ ਨੇ ਸੰਖੇਪ ਉੱਤਰ ਦਿੱਤਾ।
‘‘ਬੜਾ ਮੋਹ ਕਰਦੀ ਏ ਤੇਰਾ ਤਾਂ?’’ ਮੈਂ ਆਖਿਆ।
‘‘ਹਾਂ ਵੀਰੇ, ਸਦਾ ਮੇਰੇ ਨਾਲ ਹੀ ਰਹਿੰਦੀ ਏ, ਸਕੂਲ ਵਿੱਚ ਵੀ ਤੇ ਘਰੇ ਵੀ… ਸ਼ਾਇਦ, ਕੋਈ ਪਿਛਲੇ ਜਨਮ ਦਾ ਰਿਸ਼ਤਾ ਏ ਇਹਦਾ ਮੇਰੇ ਨਾਲ।’’ ਕਹਿੰਦਿਆਂ ਭੈਣ ਖਿਲਰੇ ਪਏ ਸਾਮਾਨ ਦੀ ਉਥਲ-ਪੁਥਲ ਕਰਨ ਲੱਗੀ।
ਮੇਰੇ ਮਨ ਵਿੱਚ ਵੀ ਉਸ ਛੋਟੀ ਜਿਹੀ ਕੁੜੀ ਲਈ ਮੋਹ ਜਾਗਿਆ ਤੇ ਮੈਂ ਉਹਨੂੰ ਆਪਣੇ ਕੋਲ ਬੁਲਾ ਲਿਆ। ਬੁੱਕਲ ਵਿੱਚ ਲੈਂਦਿਆਂ ਮੈਂ ਉਹਨੂੰ ਸਵਾਲ ਕੀਤਾ, ‘‘ਪੁੱਤ! ਤੇਰਾ ਡੈਡੀ ਤਾਂ ਹੈਗਾ ਏ ਨਾ?’’
‘‘ਹੂੰਅ…’’ ਸਿਰ ਹਿਲਾਉਂਦਿਆਂ ਉਸ ਨੇ ਸੰਖੇਪ ਜਵਾਬ ਦਿੱਤਾ।
‘‘ਤੇ ਤੇਰੇ ਦਾਦਾ ਦਾਦੀ?’’
‘‘ਉਹ ਤਾਂ ਮਰ ਗਏ…।’’ ਗੰਭੀਰਤਾ ਨਾਲ ਉੱਤਰ ਦਿੰਦਿਆਂ ਉਹ ਦੂਸਰੇ ਜੁਆਕਾਂ ਨਾਲ ਖੇਡਣ ਤੁਰ ਪਈ।
ਹਨੇਰਾ ਉਤਰਨ ਲੱਗਾ ਸੀ ਤੇ ਉਹ ਬਾਲੜੀ ਰੋਟੀ-ਟੁੱਕ ਖਾ ਕੇ ਪਤਾ ਨਹੀਂ ਕਦੋਂ ਲੋਪ ਹੋ ਗਈ।
ਮੈਂ ਭੈਣ ਨੂੰ ਉਹਦੇ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ, ‘‘ਅਜੇ ਹੁਣੇ ਗਈ ਹੈ ਆਪਣੇ ਘਰ।’’
ਅਸੀਂ ਨਿੱਘੇ ਬਿਸਤਰਿਆਂ ਵਿੱਚ ਵੜਦਿਆਂ ਸੌਣ ਦੀ ਤਿਆਰੀ ਕਰਨ ਲੱਗੇ।
ਸਵੇਰ ਹੋਈ ਤਾਂ ਸਭ ਪੈਲੇਸ ਜਾਣ ਦੀ ਕਾਹਲ ਵਿੱਚ ਸਨ। ਉਦੋਂ ਹੀ ਉਹ ਆਣ ਪ੍ਰਗਟ ਹੋਈ; ਨ੍ਹਾਤੀ-ਧੋਤੀ ਅਤੇ ਸਲੀਕੇ ਨਾਲ ਕੱਪੜੇ ਪਾਈ। ਦੋ ਗੁੱਤਾਂ ਕਰਕੇ ਰਿਬਨ ਬੰਨ੍ਹੇ ਹੋਏ ਸਨ ਉਹਨੇ।
ਸ਼ੀਸ਼ੇ ਅੱਗੇ ਖੜ੍ਹ ਉਹਨੇ ਭੈਣ ਵਾਲੀ ਸੁਰਮੇਦਾਨੀ ਵਿੱਚੋਂ ਦੋ ਭਰਵੀਆਂ ਸਲਾਈਆਂ ਆਪਣੀਆਂ ਅੱਖਾਂ ਵਿੱਚ ਪਾਈਆਂ ਤੇ ਆਪਣਾ ਚਿਹਰਾ ਦੇਖ ਆਪੇ ਮੁਸਕਰਾ ਪਈ।
ਨਾਸ਼ਤਾ ਕਰਕੇ ਸਾਰੇ ਆਪੋ ਆਪਣੀਆਂ ਕਾਰਾਂ ਵਿੱਚ ਸਵਾਰ ਹੋਣ ਲੱਗੇ।
ਭੈਣ ਮੇਰੇ ਵਾਲੀ ਕਾਰ ਵਿੱਚ ਬੈਠੀ ਸੀ ਤੇ ਫੇਰ ਪਤਾ ਨਹੀਂ ਕਦੋਂ ਉਹ ਛੋਟੀ ਬੱਚੀ ਵੀ ਅਛੋਪਲੇ ਜਿਹੇ ਪਿਛਲੀ ਬਾਰੀ ਖੋਲ੍ਹ ਉਹਦੇ ਬਰਾਬਰ ਆਣ ਬੈਠੀ।
‘‘ਪੁੱਤ ਉਏ! ਤੇਰਾ ਡੈਡੀ ਵੀ ਜਾਊ ਆਪਣੇ ਨਾਲ?’’ ਮੈਂ ਪੁੱਛਿਆ।
‘‘ਹਾਂ ਅੰਕਲ! ਉਹ ਤਾਂ ਬੱਸ ਵਿੱਚ ਬੈਠ ਵੀ ਗਿਆ।’’ ਉਹ ਬੋਲੀ।
‘‘ਜਾ ਫੇਰ! ਉਹਨੂੰ ਦੱਸ ਕੇ ਆ ਕਿ ਮੈਂ ਮੈਡਮ ਨਾਲ ਜਾਊਂਗੀ… ਐਵੇਂ ਨਾ ਭਾਲਦਾ ਫਿਰੇ ਤੈਨੂੰ ਵਿਚਾਰਾ।’’ ਭੈਣ ਨੇ ਫ਼ਿਕਰ ਜ਼ਾਹਿਰ ਕੀਤਾ।
ਉਹ ਹੌਲੇ ਜਿਹੇ ਉਤਰੀ ਤੇ ਫੇਰ ਥੋੜ੍ਹੀ ਕੁ ਦੇਰ ਬਾਅਦ ਆ ਕੇ ਦੱਸਣ ਲੱਗੀ, ‘‘ਕਹਿ ਆਈ ਮੈਡਮ ਜੀ।’’
ਪਿੰਡ ਵਾਲਿਆਂ ਤੇ ਰਿਸ਼ਤੇਦਾਰਾਂ ਨੂੰ ਪੈਲੇਸ ਵਿੱਚ ਪਹੁੰਚਾਉਣ ਲਈ ਬੱਸ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਉਸ ਦਾ ਡੈਡੀ ਵੀ ਉਸੇ ਬੱਸ ਵਿੱਚ ਸਵਾਰ ਸੀ।
ਸ਼ਹਿਰ ਦੇ ਵੱਡੇ ਪੈਲੇਸ ਵਿੱਚ ਬੜੀ ਸਜਾਵਟ ਅਤੇ ਚਹਿਲ ਪਹਿਲ ਸੀ ਜਿਸ ਵੱਲ ਅਚੰਭੇ ਭਰੀਆਂ ਨਜ਼ਰਾਂ ਨਾਲ ਵੇਂਹਦੀ ਹੋਈ ਉਹ ਬੜੀ ਖ਼ੁਸ਼ ਨਜ਼ਰ ਆਈ। ਬਰਾਤ ਬਹੁਤ ਲੇਟ ਪਹੁੰਚੀ ਸੀ ਅਤੇ ਡੋਲੀ ਵਿਦਾ ਕਰਦਿਆਂ ਗੂੜ੍ਹਾ ਹਨੇਰਾ ਪਸਰ ਚੁੱਕਿਆ ਸੀ।
ਸਾਰਾ ਦਿਨ ਉਹ ਚਾਅ ਨਾਲ ਭੱਜੀ ਫਿਰਦੀ ਰਹੀ ਸੀ। ਕਦੇ ਉਹ ਕਿਸੇ ਸਟਾਲ ਉੱਪਰ ਖਾ-ਪੀ ਰਹੀ ਹੁੰਦੀ ਤੇ ਕਦੇ ਝੂਲਾ ਝੂਲਦਿਆਂ ਖ਼ੁਸ਼ੀ ਨਾਲ ਤਾੜੀ ਮਾਰ ਰਹੀ ਹੁੰਦੀ।
ਡੋਲੀ ਵਿਦਾ ਹੋ ਚੁੱਕੀ ਸੀ ਅਤੇ ਅਸੀਂ ਘਰ ਵੱਲ ਤੁਰਨ ਲਈ ਤਿਆਰ ਖੜ੍ਹੇ ਸਾਂ। ਉਦੋਂ ਹੀ ਉਹ ਸਾਡੇ ਕੋਲ ਆਣ ਖਲੋਤੀ ਅਤੇ ਮੇਰੀ ਉਂਗਲ ਫੜ ਕੇ ਕਹਿਣ ਲੱਗੀ, ‘‘ਅੰਕਲ, ਥੋਡੇ ਨਾਲ ਹੀ ਜਾਊਂਗੀ ਮੈਂ ਹੁਣ ਵੀ।’’
‘‘ਹਾਂ ਪੁੱਤ! ਕਿਉਂ ਨਹੀਂ… ਨਾਲ ਹੀ ਲੈ ਕੇ ਜਾਵਾਂਗੇ ਤੈਨੂੰ… ਐਂ ਕਰ ਮੇਰਾ ਪੁੱਤ! ਆਪਣੇ ਡੈਡੀ ਨੂੰ ਦੱਸ ਆ ਭੱਜ ਕੇ, ਐਵੇਂ ਫ਼ਿਕਰ ਨਾ ਕਰੇ ਤੇਰਾ…।’’
ਉਹ ਉਸੇ ਵੇਲੇ ਸ਼ਰਾਬੀਆਂ ਦੀ ਢਾਣੀ ਵੱਲ ਭੱਜ ਤੁਰੀ ਜਿੱਥੇ ਉਹਦਾ ਪਿਓ ਬੈਠਾ ਸ਼ਰਾਬ ਪੀ ਰਿਹਾ ਸੀ। ਜਦ ਉਹ ਵਾਪਸ ਮੁੜੀ ਤਾਂ ਉਹਦਾ ਚਿਹਰਾ ਮੁਰਝਾਇਆ ਹੋਇਆ ਸੀ।
‘‘ਦੱਸ ਆਇਆ ਪੁੱਤਰਾ?’’ ਮੈਂ ਉਹਨੂੰ ਪੁੱਛਿਆ।
ਹਾਂ ਵਿੱਚ ਸਿਰ ਹਿਲਾਉਂਦਿਆਂ, ਉਹਦੀਆਂ ਅੱਖਾਂ ਵਿੱਚੋਂ ਦੋ ਅੱਥਰੂ ਡਲ੍ਹਕੇ।
ਉਹਦੇ ਸਿਰ ਉੱਪਰ ਪਿਆਰ ਨਾਲ ਹੱਥ ਫੇਰਦਿਆਂ ਮੈਂ ਉਹਨੂੰ ਪੁੱਛ ਲਿਆ, ‘‘ਕੀ ਹੋਇਆ ਸ਼ੇਰਾ… ਏਨਾ ਉਦਾਸ ਕਿਉਂ ਹੋ ਗਿਆ ਤੂੰ?’’ ‘‘ਅੰਕਲ! ਡੈਡੀ ਤਾਂ ਸ਼ਰਾਬੀ ਹੋਇਆ ਬੈਠੈ… ਜਦ ਮੈਂ ਉਹਨੂੰ ਦੱਸਣ ਲੱਗੀ ਤਾਂ ‘ਮਰ ਪਰ੍ਹਾਂ’ ਕਹਿੰਦਿਆਂ ਉਹਨੇ ਜ਼ੋਰ ਨਾਲ ਮੇਰੇ ਥੱਪੜ ਮਾਰਿਆ…।’’ ਪੁੱਠੇ ਹੱਥ ਨਾਲ ਆਪਣੀ ਦਰਦ ਕਰਦੀ ਗੱਲ੍ਹ ਨੂੰ ਪਲੋਸਦਿਆਂ ਉਹਨੇ ਜੁਆਬ ਦਿੱਤਾ।
‘‘ਚੱਲ ਕੋਈ ਗੱਲ ਨਹੀਂ ਪੁੱਤ… ਆਪਣੇ ਘਰ ਜਾਣ ਦੀ ਬਜਾਏ ਤੂੰ ਅੱਜ ਮੈਡਮ ਦੇ ਘਰ ਹੀ ਸੌਂ ਜਾਈਂ।’’ ਦੁਖੀ ਹੁੰਦਿਆਂ ਮੈਂ ਕਿਹਾ।
‘‘ਅੰਕਲ! ਅੱਗੇ ਕਿਹੜਾ ਮੈਂ ਆਪਣੇ ਘਰ ਸੌਂਦੀ ਆਂ! ਮੈਂ ਤਾਂ ਚਾਚੇ ਘਰੇ ਸੌਂਦੀ ਹੁੰਦੀ ਆਂ… ਡੈਡੀ ਰੋਟੀ ਤਾਂ ਚਾਚੇ ਕਿਆਂ ਵੱਲ ਖਾ ਲੈਂਦੈ ਤੇ ਸੌਂ ਆਪਣੇ ਘਰ ਜਾਂਦੈ… ਮੈਂ ਤੇ ਚਾਚੇ ਦੀ ਕੁੜੀ ਦੋਵੇਂ ਇਕੱਠੀਆਂ ਹੀ ਸੌਂ ਜਾਨੀਆਂ ਇੱਕੋ ਮੰਜੇ ’ਤੇ।’’ ਉਹ ਵਿਸਥਾਰ ਨਾਲ ਵਿਆਖਿਆ ਕਰਦਿਆਂ ਕੁਝ ਸਹਿਜ ਹੋਈ।
‘‘ਤੇਰੀ ਮਾਂ ਨੂੰ ਕੀ ਹੋਇਆ ਸੀ, ਗੁੜੀਆ?’’ ਮੈਂ ਜਾਣਨਾ ਚਾਹੁੰਦਾ ਸਾਂ।
‘‘ਅੰਕਲ! ਮੇਰਾ ਡੈਡੀ ਮੇਰੀ ਮੰਮੀ ਨੂੰ ਰੋਜ਼ ਸ਼ਰਾਬ ਪੀ ਕੇ ਕੁੱਟਦਾ ਹੁੰਦਾ ਸੀ ਤੇ ਇੱਕ ਦਿਨ… ਉਹਨੇ ਮੇਰੀ ਮਾਂ ਦੀ ਬਾਂਹ ਤੋੜ ਦਿੱਤੀ ਤੇ ਫੇਰ ਮੇਰਾ ਨਾਨਾ ਆ ਕੇ ਉਹਨੂੰ ਆਪਣੇ ਨਾਲ ਲੈ ਗਿਆ…। ਓਦੂੰ ਪਿੱਛੋਂ ਮੁੜ ਕੇ ਨਹੀਂ ਆਈ ਉਹ ਫੇਰ ਕਦੇ…।’’ ਕਹਿੰਦਿਆਂ ਯਾਦਾਂ ਦਾ ਪਰਛਾਵਾਂ ਉਹਦੇ ਚਿਹਰੇ ਉੱਪਰ ਫੈਲ ਗਿਆ।
‘‘ਕੌਣ-ਕੌਣ ਹੈ ਤੇਰੇ ਨਾਨਕੀਂ?’’ ਮੈਂ ਪੁੱਛਿਆ।
‘‘ਹੁਣ ਉੱਥੇ ਕੋਈ ਨਹੀਂ ਰਹਿੰਦਾ, ਅੰਕਲ ! …ਪਿਛਲੇ ਸਾਲ ਮੇਰਾ ਨਾਨਾ ਮਰ ਗਿਆ ਸੀ ਤੇ ਮੇਰੀ ਮੰਮੀ ਕਹਿੰਦੀ ਹੁੰਦੀ ਸੀ ਕਿ ਨਾਨੀ ਮੇਰੇ ਜੰਮਣ ਤੋਂ ਪਹਿਲਾਂ ਹੀ ਮਰ ਗਈ ਸੀ… ਮੇਰੀ ਮਾਂ ਇਕੱਲੀ ਹੀ ਧੀ ਸੀ ਮਾਪਿਆਂ ਦੀ…। ਕੋਈ ਹੋਰ ਭੈਣ ਭਰਾ ਨਹੀਂ ਸੀ ਉਹਦਾ। ਪਹਿਲਾਂ ਕਦੇ ਕਦਾਈਂ ਮੇਰਾ ਨਾਨਾ ਮੈਨੂੰ ਮਿਲਣ ਆ ਜਾਂਦਾ ਸੀ… ਹੁਣ ਤਾਂ ਮੈਂ ਚਾਚੇ-ਚਾਚੀ ਕੋਲ ਹੀ ਰਹਿੰਦੀ ਆਂ।’’ ਮੈਨੂੰ ਬੜੇ ਵਿਸਥਾਰ ਨਾਲ ਉਹਨੇ ਸਾਰੀ ਗੱਲ ਸਮਝਾਈ।
‘‘ਤੇ ਤੇਰੀ ਮਾਂ ਹੁਣ ਕਿੱਥੇ ਆ?’’
‘‘ਉਹਨੂੰ ਤਾਂ ਨਾਨੇ ਨੇ ਕਹਿੰਦੇ ਕਿਸੇ ਹੋਰ ਨਾਲ ਤੋਰ ਦਿੱਤਾ… ਮੈਨੂੰ ਨਹੀਂ ਪਤਾ ਕਿੱਥੇ…।’’
‘‘ਤੈਨੂੰ ਆਪਣੀ ਮਾਂ ਦਾ ਮੋਹ ਆਉਂਦੈ, ਪੁੱਤ?’’
‘‘ਹੁੂੰਅ…।’’ ਉਹਦੀ ਉਦਾਸ ਆਵਾਜ਼ ਲਰਜ਼ੀ।
‘‘ਕਿੰਨਾ ਕੁ ਯਾਦ ਕਰਦੀ ਏਂ ਤੂੰ ਉਹਨੂੰ?’’
‘‘ਬਹੁਤ ਜ਼ਿਆਦਾ…।’’ ਜੁਆਬ ਦਿੰਦਿਆਂ ਉਹਦੀਆਂ ਅੱਖਾਂ ਛਲਕ ਪਈਆਂ।
ਮੈਂ ਕਾਰ ਪਿੰਡ ਵੱਲ ਤੋਰ ਲਈ, ਪਰ ਮੇਰੇ ਸਵਾਲਾਂ ਨੂੰ ਜਿਵੇਂ ਬ੍ਰੇਕ ਲੱਗ ਗਈ ਸੀ। ਕਾਰ ਵਿੱਚ ਬੈਠੇ ਅਸੀਂ ਸਾਰੇ ਖ਼ਾਮੋਸ਼ ਅਤੇ ਗ਼ਮਗੀਨ ਸਾਂ। ਜਿੱਥੇ ਭਾਣਜੀ ਨੂੰ ਉਹਦੇ ਨਵੇਂ ਘਰ ਤੋਰਨ ਦੀ ਖ਼ੁਸ਼ੀ ਸੀ; ਉੱਥੇ ਉਹਦੇ ਵਿਛੋੜੇ ਦਾ ਦਰਦ ਵੀ ਨਪੀੜ ਰਿਹਾ ਸੀ ਸਭ ਨੂੰ।
ਮੇਰਾ ਦਰਦ ਦੂਹਰਾ ਸੀ। ਸਹੁਰੇ ਘਰ ਚਲੀ ਗਈ ਭਾਣਜੀ ਦੇ ਵਿਛੋੜੇ ਦਾ ਅਤੇ ਇਸ ਛੋਟੀ ਜਿਹੀ ਬਾਲੜੀ ਦੇ ਦੁੱਖਾਂ ਦਾ।
ਏਨੀ ਛੋਟੀ ਜਿਹੀ ਉਮਰ ਵਿੱਚ ਹਾਲਾਤ ਨੇ ਉਹਨੂੰ ਕਿੰਨੀ ਸਿਆਣੀ ਅਤੇ ਸੁਚੱਜੀ ਬਣਾ ਦਿੱਤਾ ਸੀ।
ਕਾਰ ਸੜਕ ਉੱਪਰ ਸਰਪਟ ਦੌੜ ਰਹੀ ਸੀ ਅਤੇ ਮੇਰੇ ਮਨ ਦੇ ਕਿਸੇ ਖੂੰਜੇ ਇੱਕ ਖ਼ਿਆਲ ਕਰਵਟ ਲੈ ਰਿਹਾ ਸੀ, ‘‘ਕਾਸ਼! ਇਹ ਮਨਮੋਹਣੀ ਜਿਹੀ ਬਾਲੜੀ ਮੇਰੀ ਧੀ ਹੁੰਦੀ।’’
ਸੋਚਾਂ ਦੀ ਦਲਦਲ ਵਿੱਚ ਡੂੰਘਾ ਉਤਰ ਗਿਆ ਸਾਂ ਮੈਂ… ਤੇ ਫੇਰ ਅਚਾਨਕ ਪਤਾ ਨਹੀਂ ਕਿੱਧਰੋਂ ਸਲੇਟੀ ਸੜਕ ਦੇ ਵਿਚਕਾਰ ਇੱਕ ਕਾਲੀ ਗਾਂ ਆਣ ਪ੍ਰਗਟ ਹੋਈ। ਇਕਦਮ ਕਾਰ ਦੇ ਬਰੇਕ ਮਾਰਦਿਆਂ ਟਾਇਰ ਚੀਕ ਉੱਠੇ… ਅਸੀਂ ਵਾਲ-ਵਾਲ ਬਚੇ ਸਾਂ।
ਕਾਰ ਰੁਕ ਗਈ ਸੀ ਤੇ ਮੇਰੀ ਸੋਚ ਦੇ ਘੋੜੇ ਵੀ।
– ਐੱਸ. ਇੰਦਰ ਰਾਜੇਆਣਾ