ਨਵੀਂ ਦਿੱਲੀ:ਭਵਿੱਖ ਦੀਆਂ ਯੋਜਨਾਵਾਂ ਬਾਰੇ ਖੁੱਲ੍ਹ ਕੇ ਗੱਲਬਾਤ ਕਰਨ ਵਾਲੀ ਅਦਾਕਾਰਾ ਕਿਆਰਾ ਅਡਵਾਨੀ ਅੱਜ ਇੱਥੇ ਕਿਹਾ ਕਿ ਉਹ ਅਜਿਹੀ ਅਦਾਕਾਰਾ ਬਣਨਾ ਚਾਹੁੰਦੀ ਹੈ, ਜੋ ਹਰ ਫ਼ਿਲਮ ਵਿੱਚ ਚੰਗੀ ਹੋਵੇ ਨਾ ਕਿ ਉਸ ਨੂੰ ਹਿੰਦੀ ਫ਼ਿਲਮ ਇੰਡਸਟਰੀ ਦੀਆਂ ਹਿੱਟ ਜਾਂ ਫਲਾਪ ਫ਼ਿਲਮਾਂ ਲਈ ਜਾਣਿਆ ਜਾਵੇ। ਅਦਾਕਾਰਾ ਨੇ 2016 ਵਿੱਚ ‘ਫੁਗਲੀ’ ਨਾਲ ਬੌਲੀਵੁੱਡ ’ਚ ਕਦਮ ਰੱਖਿਆ ਅਤੇ ਉਸ ਤੋਂ ਬਾਅਦ ‘ਐੱਮਐੱਸ ਧੋਨੀ: ਦਿ ਅਨਟੋਲਡ ਸਟੋਰੀ’, ‘ਲਸਟ ਸਟੋਰੀਜ਼’, ‘ਕਬੀਰ ਸਿੰਘ’ ਤੇ ‘ਗੁੱਡ ਨਿਊਜ਼’ ਜਿਹੀਆਂ ਫ਼ਿਲਮਾਂ ’ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ। ਭਾਵੇਂ ਕਿ ਇਸ ਸੱਤ ਸਾਲਾਂ ਦੇ ਸਫ਼ਰ ਦੌਰਾਨ ਕਿਆਰਾ ਨੂੰ ‘ਲਕਸ਼ਮੀ’ ਅਤੇ ‘ਮਸ਼ੀਨ’ ਜਿਹੀਆਂ ਫ਼ਿਲਮਾਂ ਕਾਰਨ ਅਸਫ਼ਲਤਾ ਦਾ ਸਾਹਮਣਾ ਵੀ ਕਰਨਾ ਪਿਆ। ਕਿਆਰਾ ਨੇ ਕਿਹਾ, ‘‘ਜੇਕਰ ਮੈਂ ਆਪਣੇ ਸਫ਼ਰ ਵੱਲ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਮੈਨੂੰ ਕਈ ਮੌਕੇ ਮਿਲੇ, ਭਾਵੇਂ ਇਹ ‘ਕਬੀਰ ਸਿੰਘ’ ਹੋਵੇ ਜਾਂ ‘ਲਸਟ ਸਟੋਰੀਜ਼’… ਇਹ ਉਹ ਮੌਕੇ ਸਨ, ਜੋ ਮੇਰੇ ਕੋਲ ਉਦੋਂ ਆਏ ਜਦੋਂ ਮੈਨੂੰ ਬਹੁਤੇ ਲੋਕ ਨਹੀਂ ਸੀ ਜਾਣਦੇ.. ਇਸ ਲਈ… ਹਾਂ, ਅਖ਼ੀਰ ਜੇਕਰ ਦਰਸ਼ਕ ਤੁਹਾਡੇ ਕੰਮ ਨੂੰ ਪਿਆਰ ਕਰਦੇ ਹਨ, ਤੁਹਾਡੇ ਕੰਮ ਦੀ ਕਦਰ ਕਰਦੇ ਹਨ ਤਾਂ ਉਹ ਤੁਹਾਨੂੰ ਦੁਬਾਰਾ ਕਿਸੇ ਹੋਰ ਫ਼ਿਲਮ ਵਿੱਚ ਦੇਖਣਾ ਚਾਹੁਣਗੇ।’’