ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਹਰੀਕੇ ਪੱਤਣ ਤੋਂ ਅੱਗੇ ਜਾ ਕੇ ਇਕ ਬੰਨ੍ਹ ਜੋ ਕਿ ਕਈ ਪਿੰਡਾਂ ਤੋਂ ਆਉਣ ਵਾਲੇ ਪਾਣੀ ਨੂੰ ਰੋਕਦਾ ਹੈ, ਉਥੇ ਪਾਣੀ ਦਾ ਪੱਧਰ ਵਧ ਗਿਆ ਹੈ। ਹਰੀਕੇ ਪੱਤਣ ‘ਚ ਪਾਣੀ ਛੱਡਿਆ ਗਿਆ ਹੈ ਜਿਸ ਕਰਕੇ ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵਧ ਗਿਆ ਹੈ ਤੇ ਕਈ ਪਿੰਡ ਤਬਾਹੀ ਵੱਲ ਵਧ ਰਹੇ ਹਨ। ਕਈ-ਕਈ ਫੁੱਟ ਪਾਣੀ ਭਰ ਗਿਆ ਹੈ।
ਲੋਕ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਰਹੇ ਹਨ। ਲੋਕਾਂ ਦੇ ਇਲਜ਼ਾਮ ਹਨ ਕਿ ਜਦੋਂ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਥੋੜ੍ਹਾ-ਥੋੜ੍ਹਾ ਪਾਣੀ ਛੱਡੋ ਤਾਂ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਤੇ ਹੁਣ ਜਦੋਂ ਕਿ ਹਰੀਕੇ ਪੱਤਣ ਵਿਚ ਪਾਣੀ ਛੱਡ ਦਿੱਤਾ ਗਿਆ ਹੈ ਤਾਂ ਸਾਡੇ ਪਿੰਡ ਡੁੱਬ ਗਏ ਹਨ। ਲੋਕ ਕਾਫੀ ਪ੍ਰੇਸ਼ਾਨ ਹਨ।
ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਕੋਈ ਪ੍ਰਬੰਧ ਨਹੀਂ ਕੀਤੇ ਗਏ। ਹਰ ਸਾਲ ਇੰਝ ਹੀ ਪਾਣੀ ਆ ਜਾਂਦਾ ਹੈ। ਸਾਡੀ ਮੰਗ ਹੈ ਕਿ ਜਾਂ ਤਾਂ ਸਰਕਾਰ ਸਾਡੀ ਇਹ ਜ਼ਮੀਨ ਐਕਵਾਇਰ ਕਰਕੇ ਨਹਿਰ ਬਣਾਵੇ ਜਾਂ ਦਰਿਆ ‘ਤੇ ਇਕ ਹੋਰ ਬੰਨ੍ਹ ਬਣਾਇਆ ਜਾਵੇ ਤਾਂ ਜੋ ਤਬਾਹੀ ਤੋਂ ਬਚਾਇਆ ਜਾ ਸਕੇ। ਕਿਸਾਨ ਮਜਬੂਰੀ ਵਸ ਘਰ ਛੱਡ ਰਹੇ ਹਾਂ।