ਹਰਿਆਣਾ ਦੇ ਪਹਿਲਵਾਨ ਯੋਗੇਸ਼ਵਰ ਦੱਤ ਅਤੇ ਬਜਰੰਗ ਪੂਨੀਆ ਰਾਜਨੀਤੀ ਨੂੰ ਲੈ ਕੇ ਇੱਕ ਦੂਜੇ ਨਾਲ ਭਿੜ ਗਏ। ਆਲ ਇੰਡੀਆ ਕਿਸਾਨ ਕਾਂਗਰਸ ਦੇ ਕਾਰਜਕਾਰੀ ਚੇਅਰਮੈਨ ਬਜਰੰਗ ਪੂਨੀਆ ਨੇ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਵੱਲੋਂ 4 ਸਾਲ ਦੀ ਪਾਬੰਦੀ ਲਗਾਉਣ ਨੂੰ ਸਰਕਾਰ ਦੀ ਸਾਜ਼ਿਸ਼ ਕਰਾਰ ਦਿੱਤਾ। ਜਿਸ ‘ਤੇ ਭਾਜਪਾ ਨੇਤਾ ਪਹਿਲਵਾਨ ਯੋਗੇਸ਼ਵਰ ਦੱਤ ਭੜਕ ਉੱਠੇ।

ਉਨ੍ਹਾਂ ਕਿਹਾ ਕਿ ਜੇਕਰ ਬਜਰੰਗ ਪੂਨੀਆ ਰਾਜਨੀਤੀ ਵਿੱਚ ਆਏ ਹਨ ਤਾਂ ਰਾਜਨੀਤੀ ਕਰਨ ਅਤੇ ਖੇਡਾਂ ਨੂੰ ਛੱਡ ਦੇਣ। ਬਜਰੰਗ ਪੂਨੀਆ ਵੀ ਜਵਾਬ ਦੇਣ ‘ਚ ਪਿੱਛੇ ਨਹੀਂ ਰਹੇ। ਉਨ੍ਹਾਂ ਨੇ ਯੋਗੇਸ਼ਵਰ ਦੱਤ ਨੂੰ ਜਵਾਬ ਦਿੱਤਾ ਕਿ ਜੇਕਰ ਉਹ ਰਾਜਨੀਤੀ ਕਰਨਗੇ ਤਾਂ ਉਹ ਆਪਣੇ ਦਮ ‘ਤੇ ਕਰਨਗੇ ਨਾ ਕਿ ਆਪਣੀਆਂ ਭੈਣਾਂ-ਧੀਆਂ ਨੂੰ ਅੱਗੇ ਲਿਆ ਕੇ।

ਨਾਡਾ ਨੇ ਬਜਰੰਗ ‘ਤੇ 4 ਸਾਲ ਲਈ ਲਗਾਈ ਪਾਬੰਦੀ
ਕਰੀਬ 10 ਦਿਨ ਪਹਿਲਾਂ ਨਾਡਾ ਨੇ ਬਜਰੰਗ ਪੂਨੀਆ ‘ਤੇ 4 ਸਾਲ ਲਈ ਪਾਬੰਦੀ ਲਗਾ ਦਿੱਤੀ ਸੀ। ਨਾਡਾ ਨੇ ਕਿਹਾ ਕਿ ਬਜਰੰਗ ਪੂਨੀਆ ਨੇ ਡੋਪ ਸੈਂਪਲ ਨਹੀਂ ਦਿੱਤਾ ਹੈ। ਇਸ ਦੇ ਜਵਾਬ ‘ਚ ਬਜਰੰਗ ਨੇ ਪਹਿਲਾਂ ਕਿਹਾ ਕਿ ਪਾਬੰਦੀ ਗਲਤ ਤਰੀਕੇ ਨਾਲ ਲਗਾਈ ਗਈ ਹੈ। ਅਜਿਹੀ ਪਾਬੰਦੀ ਸਿਰਫ ਸ਼ਕਤੀਸ਼ਾਲੀ ਸਟੀਰੌਇਡ ਲੈਣ ਵਾਲਿਆਂ ‘ਤੇ ਲਗਾਈ ਜਾਂਦੀ ਹੈ।

ਬਜਰੰਗ ਨੇ ਕਿਹਾ ਕਿ ਇਹ ਪਾਬੰਦੀ ਨਿੱਜੀ ਨਫ਼ਰਤ ਅਤੇ ਸਿਆਸੀ ਸਾਜ਼ਿਸ਼ ਦਾ ਨਤੀਜਾ ਹੈ। ਮਹਿਲਾ ਪਹਿਲਵਾਨਾਂ ਦੇ ਸਮਰਥਨ ‘ਚ ਜੋ ਅੰਦੋਲਨ ਸ਼ੁਰੂ ਕੀਤਾ ਸੀ, ਉਸ ਦਾ ਬਦਲਾ ਲੈਣ ਲਈ ਮੇਰੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਭਾਜਪਾ ਸਰਕਾਰ ਅਤੇ ਫੈਡਰੇਸ਼ਨ ਨੇ ਮੈਨੂੰ ਫਸਾਉਣ ਅਤੇ ਮੇਰੇ ਕਰੀਅਰ ਨੂੰ ਤਬਾਹ ਕਰਨ ਲਈ ਇਹ ਚਾਲ ਖੇਡੀ ਹੈ।

ਇਸ ਮਾਮਲੇ ‘ਚ ਯੋਗੇਸ਼ਵਰ ਦੱਤ ਨੇ ਸੋਨੀਪਤ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸਹੀ ਨਹੀਂ ਹੈ ਕਿ ਕੋਈ ਵਿਅਕਤੀ ਡੋਪ ਟੈਸਟ ਨਾ ਦੇਵੇ ਅਤੇ ਇਸ ਤੋਂ ਭੱਜਦਾ ਰਹੇ। ਇਹ ਵੱਖਰੀ ਗੱਲ ਹੈ ਕਿ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਤੇ ਅਦਾਲਤ ਹੀ ਫੈਸਲਾ ਕਰੇਗੀ। ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਤੁਸੀਂ ਫੈਸਲਾ ਆਉਣ ਤੱਕ ਬਚਾਅ ਵਿੱਚ ਰਹੋ। ਰਾਜਨੀਤੀ ਵਿੱਚ ਹੋ ਤਾਂ ਰਾਜਨੀਤੀ ਕਰੋ। ਕਿਰਪਾ ਕਰਕੇ ਖਿਡਾਰੀਆਂ ਨੂੰ ਬਖਸ਼ੋ। ਖਿਡਾਰੀਆਂ ਨੂੰ ਖੇਡਣ ਦਿਓ ਅਤੇ ਇਹ (ਬਜਰੰਗ) ਰਾਜਨੀਤੀ ਕਰਨ। ਖੇਡਾਂ ਤੋਂ ਦੂਰ ਰਹਿਣ।

ਇਸ ‘ਤੇ ਬਜਰੰਗ ਪੂਨੀਆ ਨੇ ਸੋਨੀਪਤ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਉਨ੍ਹਾਂ (ਯੋਗੇਸ਼ਵਰ ਦੱਤ) ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਉਸ ਨੂੰ ਦੋ ਵਾਰ ਜਨਤਾ ਨੇ ਨਾਕਾਰ ਦਿੱਤਾ ਸੀ। ਮੈਨੂੰ ਲੱਗਦਾ ਹੈ ਕਿ ਉਹ ਟੀਆਰਪੀ ਹਾਸਲ ਕਰਨਾ ਚਾਹੁੰਦਾ ਹੈ। ਜੇਕਰ ਉਹ ਖਿਡਾਰੀਆਂ ਬਾਰੇ ਬੋਲਦਾ ਹੈ ਤਾਂ ਲੋਕ ਉਸ ਨੂੰ ਦੇਖਣਗੇ। ਉਨ੍ਹਾਂ ਕਿਹਾ ਕਿ ਮੈਂ ਰਾਜਨੀਤੀ ਕਰਨ ਆਇਆ ਹਾਂ।

ਮੈਂ ਤੇ ਵਿਨੇਸ਼ ਫੋਗਾਟ ਰਾਜਨੀਤੀ ਵਿੱਚ ਆਏ ਹਾਂ। ਪਰ ਜਿਨ੍ਹਾਂ 6-7 ਕੁੜੀਆਂ ਨੇ ਐਫਆਈਆਰ ਦਰਜ ਕਰਵਾਈ ਸੀ ਉਸ ਨੇ ਤਾਂ ਉਨ੍ਹਾਂ ‘ਤੇ ਵੀ ਉਂਗਲ ਉਠਾਈ ਸੀ।ਉਹ ਪਹਿਲਾਂ ਵੀ ਕਿਸਾਨਾਂ ਅਤੇ ਪਹਿਲਵਾਨਾਂ ਦੇ ਖਿਲਾਫ ਬੋਲ ਚੁੱਕੇ ਹਨ। ਉਨ੍ਹਾਂ ਤੋਂ ਆਸ ਰੱਖਣੀ ਬੇਕਾਰ ਹੈ।