ਬਠਿੰਡਾ, 29 ਸਤੰਬਰ
ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਸਰਕਾਰੀ ਗੱਡੀ ਕੈਮਰੀ ਲੈਣ ਤੋਂ ਨਾਂਹ ਕਰ ਦਿੱਤੀ ਹੈ। ਉਹ ਬਤੌਰ ਵਿਧਾਇਕ ਮਿਲੀ ਇਨੋਵਾ ਗੱਡੀ ਹੀ ਵਰਤਣ ਲੱਗੇ ਹਨ। ਪੰਜਾਬ ਸਰਕਾਰ ਨੇ ਹੁਣ 26 ਸਤੰਬਰ ਨੂੰ ਨੋਟੀਫ਼ਿਕੇਸ਼ਨ ਜਾਰੀ ਕਰਕੇ ਵਿਰੋਧੀ ਧਿਰ ਦੇ ਨੇਤਾ ਨੂੰ ਪ੍ਰਾਈਵੇਟ ਗੱਡੀ ਵਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਤਹਿਤ ਉਨ੍ਹਾਂ ਨੂੰ ਮੰਤਰੀਆਂ ਵਾਂਗ ਪ੍ਰਤੀ ਕਿਲੋਮੀਟਰ ਦੇ 15 ਰੁਪਏ ਅਤੇ ਡਰਾਈਵਰ ਤੇ ਗੱਡੀ ਦੀ ਮੁਰੰਮਤ ਦੇ ਖ਼ਰਚੇ ਦੇ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਮਿਲਣਗੇ। ਕਾਨੂੰਨੀ ਤੇ ਵਿਧਾਨਿਕ ਮਾਮਲੇ ਵਿਭਾਗ ਨੇ ਬਕਾਇਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ ਕਿ ਜੇਕਰ ਵਿਰੋਧੀ ਧਿਰ ਦਾ ਨੇਤਾ ਪ੍ਰਾਈਵੇਟ ਵਾਹਨ ਦੀ ਵਰਤੋਂ ਕਰਨਾ ਚਾਹੇਗਾ ਤਾਂ ਉਸ ਨੂੰ ਮੰਤਰੀਆਂ ਵਾਂਗ ਪ੍ਰਾਈਵੇਟ ਗੱਡੀ ਲਈ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਰਾਸ਼ੀ ਅਤੇ ਬਾਕੀ ਸਹੂਲਤ ਮਿਲੇਗੀ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਸਰਕਾਰ ਨੇ ਜੋ ਕੈਮਰੀ ਦੇਣੀ ਸੀ, ਉਸ ਦੀ ਹਾਲਤ ਕਾਫੀ ਖਸਤਾ ਸੀ, ਜਿਸ ਕਰਕੇ ਉਨ੍ਹਾਂ ਨੇ ਪਹਿਲਾਂ ਮਿਲੀ ਇਨੋਵਾ ਹੀ ਵਰਤਣੀ ਸ਼ੁਰੂ ਕਰ ਦਿੱਤੀ। ਸਰਕਾਰ ਨੇ ਹੁਣ ਜਿਪਸੀ ਸੁਰੱਖਿਆ ਵਾਹਨ ਵਜੋਂ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪ੍ਰਾਈਵੇਟ ਵਾਹਨ ਦੀ ਵਰਤੋਂ ਬਾਰੇ ਕਦੇ ਸਰਕਾਰ ਤੋਂ ਪ੍ਰਵਾਨਗੀ ਨਹੀਂ ਮੰਗੀ ਸੀ।
ਹਰਪਾਲ ਚੀਮਾ ਦਾ ਕਹਿਣਾ ਸੀ ਕਿ ਉਨ੍ਹਾਂ ਲਈ ਤਾਂ ਫ਼ਿਲਹਾਲ ਮੌਜੂਦਾ ਇਨੋਵਾ ਹੀ ਠੀਕ ਹੈ ਅਤੇ ਬਾਕੀ ਖ਼ਰਚੇ ਵਗ਼ੈਰਾ ਦਾ ਹਿਸਾਬ ਕਿਤਾਬ ਦੇਖਾਂਗੇ। ਉਨ੍ਹਾਂ ਦਾ ਇਹ ਕਹਿਣਾ ਸੀ ਕਿ ਸਰਕਾਰ ਤਰਫ਼ੋਂ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਬੰਦ ਪਿਆ ਮਕਾਨ ਅਲਾਟ ਕੀਤਾ ਗਿਆ ਹੈ, ਜਿਸ ਨੂੰ ਰੰਗ ਰੋਗਨ ਹੀ ਹੁਣ ਕੀਤਾ ਗਿਆ ਹੈ ਪਰ ਉਨ੍ਹਾਂ ਕਦੇ ਕੋਈ ਨਖ਼ਰਾ ਨਹੀਂ ਦਿਖਾਇਆ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਵਜ਼ੀਰਾਂ ਨੂੰ ਵੀ ਕੈਮਰੀ ਗੱਡੀਆਂ ਦਿੱਤੀਆਂ ਸਨ, ਜਿਨ੍ਹਾਂ ਨੂੰ ਵਰਤਣ ਦੀ ਥਾਂ ਹੁਣ 9 ਵਜ਼ੀਰ ਆਪੋ ਆਪਣੇ ਪ੍ਰਾਈਵੇਟ ਵਾਹਨ ਵਰਤ ਰਹੇ ਹਨ। ਸਹੁੰ ਚੁੱਕਣ ਸਮੇਂ ਸਾਰੇ ਵਜ਼ੀਰਾਂ ਨੇ ਕੈਮਰੀ ਲੈ ਲਈਆਂ ਸਨ ਪਰ ਉਸ ਮਗਰੋਂ ਹੌਲੀ ਹੌਲੀ ਇਕ ਇਕ ਕਰਕੇ ਸਾਰੇ ਵਜ਼ੀਰ ਕੈਮਰੀ ਵਾਪਸ ਕਰਨ ਲੱਗੇ ਹਨ। ਇਵੇਂ ਹੀ ਵਿਰੋਧੀ ਧਿਰ ਦੇ ਨੇਤਾ ਨੇ ਕੈਮਰੀ ਨਹੀਂ ਲਈ ਹੈ। ਵਿਧਾਇਕਾਂ ਦਾ ਅਦਬ ਕਰਨ ਅਫ਼ਸਰ ਪੰਜਾਬ ਸਰਕਾਰ ਨੇ ਹਾਲ ਹੀ ਵਿਚ ਸਭਨਾਂ ਉੱਚ ਅਫ਼ਸਰਾਂ ਨੂੰ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਚੁਣੇ ਹੋਏ ਪ੍ਰਤੀਨਿਧਾਂ ਦਾ ਅਦਬ ਕੀਤਾ ਜਾਵੇ।
ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਅਤੇ ਉਨ੍ਹਾਂ ਨਾਲ ਫ਼ੋਨ ‘ਤੇ ਗੱਲਬਾਤ ਦਰਮਿਆਨ ਪੂਰਾ ਮਾਣ ਸਤਿਕਾਰ ਦਿੱਤਾ ਜਾਵੇ। ਵਿਰੋਧੀ ਧਿਰ ਦੇ ਨੇਤਾ ਹੁੰਦੇ ਹੋਏ ਸੁਖਪਾਲ ਖਹਿਰਾ ਨੇ ਇਹ ਮਾਮਲਾ ਉਠਾਇਆ ਸੀ, ਜਿਨ੍ਹਾਂ ਦਾ ਹਵਾਲਾ ਦੇ ਕੇ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਹਨ। ਨਾਲ ਹੀ ਦਿਸ਼ਾ ਨਿਰਦੇਸ਼ ਵੀ ਲਿਖਤੀ ਰੂਪ ਵਿਚ ਭੇਜੇ ਹਨ।