ਸੂਬੇ ਦੇ ਅਲਾਮੀ ਹਵਾਈ ਸੰਪਰਕ ਨੂੰ ਹੁਲਾਰਾ ਦੇਣ ਵਾਸਤੇ ਮੁੱਖ ਮੰਤਰੀ ਨੇ ਆਸੀਅਨ ਮੁਲਕਾਂ ਲਈ ਚੰਡੀਗੜ ਨੂੰ ਓਪਨ ਸਕਾਈਜ਼ ਪਾਲਿਸੀ ’ਚ ਸ਼ਾਮਲ ਕਰਨ ਦੀ ਮੰਗ

ਨਵੀਂ ਦਿੱਲੀ, 28 ਜੂਨ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੁਆਰਾ ਉਲੀਕੀ ਰੂਪ-ਰੇਖਾ ਅਨੁਸਾਰ ਸੁਲਤਾਨਪੁਰ ਲੋਧੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜ ਛੇਤੀ ਹੀ ਸ਼ੁਰੂ ਕੀਤੇ ਜਾਣਗੇ। 

ਮੁੱਖ ਮੰਤਰੀ ਨੇ ਅੱਜ ਸ੍ਰੀ ਪੁਰੀ ਨਾਲ ਮੁਲਾਕਾਤ ਕੀਤੀ ਜੋ ਸ਼ਹਿਰੀ ਹਵਾਬਾਜ਼ੀ ਦੇ ਕੇਂਦਰੀ ਰਾਜ ਮੰਤਰੀ ਹੋਣ ਦੇ ਨਾਲ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਆਜ਼ਾਦਾਨਾ ਮੰਤਰੀ ਵੀ ਹਨ। 

ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਸੁਲਤਾਨਪੁਰ ਲੋਧੀ ਨਗਰ ਲਈ ਸੂਬਾ ਸਰਕਾਰ ਵੱਲੋਂ ਪ੍ਰਸਤਾਵਿਤ ਕੀਤੇ 321 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਨੂੰ ਛੇਤੀ ਪ੍ਰਵਾਨਗੀ ਦੇਣ ਲਈ ਜ਼ੋਰ ਪਾਇਆ ਹੈ। ਇਹ ਨਗਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨਾਲ ਸਬੰਧਤ ਹੋਣ ਕਰਕੇ ਇਤਿਹਾਸਕ ਤੌਰ ’ਤੇ ਬਹੁਤ ਮਹੱਤਤਾ ਰੱਖਦਾ ਹੈ ਜਿੱਥੇ ਇਸ ਸਾਲ ਗੁਰੂ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। 

ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਪੁਰੀ ਨੇ ਕਿਹਾ ਕਿ ਉਨਾਂ ਨੇ ਇਨਾਂ ਤਜਵੀਜ਼ਾਂ ਨੂੰ ਜਾਚਣ ਅਤੇ ਕੰਮ ਛੇਤੀ ਸ਼ੁਰੂ ਕਰਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਪਹਿਲ ਦੇ ਆਧਾਰ ’ਤੇ ਦੇਣ ਲਈ ਆਪਣੇ ਵਿਭਾਗ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। 

ਮੁੱਖ ਮੰਤਰੀ ਵੱਲੋਂ ਹਿੱਸੇਦਾਰੀ ਦੇ ਆਧਾਰ ’ਤੇ ਭਾਰਤ ਸਰਕਾਰ ਦੀ ਸਹਾਇਤਾ ਵਾਲੇ ਸਮਾਰਟ ਸਿਟੀ ਪ੍ਰੋਜੈਕਟ ਵਿੱਚ ਪਟਿਆਲਾ, ਬਠਿੰਡਾ ਅਤੇ ਐਸ.ਏ.ਐਸ. ਨਗਰ ਦੀਆਂ ਤਿੰਨ ਨਗਰ ਨਿਗਮਾਂ ਨੂੰ ਵੀ ਸ਼ਾਮਲ ਕਰਨ ਦੀ ਕੀਤੀ ਅਪੀਲ ਜਿਸ ’ਤੇ ਸ੍ਰੀ ਪੁਰੀ ਨੇ ਭਰੋਸਾ ਦਿੱਤਾ ਕਿ ਜਦੋਂ ਵੀ ਇਸ ਪ੍ਰੋਜੈਕਟ ਵਿੱਚ ਨਵੇਂ ਸ਼ਹਿਰਾਂ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਇਸ ਉਪਰ ਗੌਰ ਜ਼ਰੂਰ ਕੀਤੀ ਜਾਵੇਗੀ। 

ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੀ ਜਿਸ ਤਰਾਂ ਵੀ ਮਦਦ ਕਰ ਸਕਦੇ ਹਨ, ਉਸ ਲਈ ਪੂਰੀ ਤਰਾਂ ਵਚਨਬੱਧ ਹਨ ਅਤੇ ਸੂਬੇ ਦੀਆਂ ਹੋਰ ਮੰਗਾਂ ’ਤੇ ਗੌਰ ਕਰਨਗੇ। ਇਸ ਤੋਂ ਬਾਅਦ ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪੰਜਾਬ ਤੋਂ ਵੱਧ ਤੋਂ ਵੱਧ ਹਵਾਈ ਉਡਾਨਾਂ ਸ਼ੁਰੂ ਕਰਨ ਨੂੰ ਯਕੀਨੀ ਬਣਾਉਣਗੇ ਤਾਂ ਕਿ ਆਲਮੀ ਯਾਤਰਾ ਕਰਨ ਦੀ ਮੰਗ ਪੂਰੀ ਕੀਤੀ ਜਾ ਸਕੇ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਸ਼ਹਿਰੀ ਵਿਕਾਸ ਅਤੇ ਹਵਾਬਾਜ਼ੀ ਨਾਲ ਸਬੰਧਤ ਸੂਬੇ ਦੀਆਂ ਮੰਗਾਂ ਵਿਚਾਰਨ ਦਾ ਵਾਅਦਾ ਕੀਤਾ ਹੈ। 

ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਟਿਆਲਾ, ਪੁਰਾਣਾ ਵਿਰਾਸਤੀ ਸ਼ਹਿਰ ਅਤੇ ਪਹਿਲਾਂ ਰਹੇ ਪੈਪਸੂ ਰਾਜ ਦੀ ਰਾਜਧਾਨੀ ਹੋਣ ਦੇ ਨਾਤੇ ਇਸ ਨੂੰ ਐਨ.ਸੀ.ਆਰ. ਪਲਾਨਿੰਗ ਬੋਰਡ ਵੱਲੋਂ ਕਾੳੂਂਟਰ ਮੈਗਨਟ ਟਾਊਨ ਤੋਂ ਐਨ.ਸੀ.ਆਰ. ਐਲਾਨਿਆ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਸਾਰੇ ਕਾੳੂਂਟਰ ਮੈਗਨਟ ਟਾਊਨਜ਼ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਨਾਲ ਦਿੱਲੀ ਵਿੱਚ ਹੁੰਦੀ ਹਿਜਰਤ  ਘਟਾਉਣ ਵਿੱਚ ਮਦਦ ਮਿਲੇਗੀ। 

ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਪਟਿਆਲਾ ਨਦੀ ਹਾਈਡ੍ਰੋਲੋਜੀ ਪ੍ਰੋਜੈਕਟ ਲਈ ਐਨ.ਸੀ.ਆਰ.ਪੀ.ਬੀ. ਕਰਜ਼ੇ ਵਾਸਤੇ ਛੇਤੀ ਪ੍ਰਵਾਨਗੀ ਦੇਣ ਦੀ ਅਪੀਲ ਕੀਤੀ ਜਿਸ ਲਈ ਸੂਬਾ ਸਰਕਾਰ ਵੱਲੋਂ ਰਸਮੀ ਤਜਵੀਜ਼ ਸੌਂਪੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਬਠਿੰਡਾ, ਦੱਖਣੀ ਪੰਜਾਬ ਦਾ ਸਭ ਤੋਂ ਵੱਧ ਤੇਜ਼ੀ ਨਾਲ ਉੱਭਰ ਰਿਹਾ ਪ੍ਰਮੁੱਖ ਸ਼ਹਿਰ ਹੈ ਅਤੇ ਇਸੇ ਤਰਾਂ ਐਸ.ਏ.ਐਸ. ਨਗਰ ਮੁਹਾਲੀ, ਚੰਡੀਗੜ ਦੇ ਨਾਲ ਲਗਦਾ ਸ਼ਹਿਰ ਹੈ ਜਿੱਥੇ ਪੰਜਾਬ ਵਿੱਚ ਤਰੱਕੀ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ।  

ਸੂਬੇ ਦੇ ਆਲਮੀ ਹਵਾਈ ਸੰਪਰਕ ਨੂੰ ਮਜ਼ਬੂਤ ਬਣਾਉਣ ਲਈ ਮੁੱਖ ਮੰਤਰੀ ਨੇ ਆਸੀਅਨ ਮੁਲਕਾਂ (ਐਸੋਸੀਏਸ਼ਨ ਆਫ ਸਾੳੂਥਈਸਟ ਏਸ਼ੀਅਨ ਨੇਸ਼ਨਜ਼) ਲਈ ਓਪਨ ਸਕਾਈ ਪਾਲਿਸੀ ਤਹਿਤ ਚੰਡੀਗੜ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨਾਂ ਨੇ ਚੰਡੀਗੜ ਤੋਂ ਹੋਰ ਅੰਤਰਰਾਸ਼ਟਰੀ ਉਡਾਨਾਂ ਖਾਸ ਕਰਕੇ ਖਾੜੀ ਮੁਲਕਾਂ ਅਤੇ ਤੁਰਕੀ ਲਈ ਦੁਵੱਲੀਆਂ ਉਡਾਨਾਂ ਦੀ ਮੌਜੂਦਾ ਨੀਤੀ ਦੀ ਫੌਰੀ ਸਮੀਖਿਆ ਕਰਨ ਲਈ ਆਖਿਆ ਜਿਸ ਨਾਲ ਮੁਲਕ ਦੇ ਬਾਕੀ ਹਿੱਸਿਆਂ ਵਿੱਚ ਹੋਰ ਵਧੇਰੇ ਹਵਾਈ ਸੰਪਰਕ ਕਾਇਮ ਕੀਤਾ ਜਾ ਸਕੇਗਾ। ਉਨਾਂ ਨੇ ਕੇਂਦਰੀ ਮੰਤਰੀ ਨੂੰ ਸ਼ਹਿਰੀ ਹਵਾਬਾਜ਼ੀ ਸੈਕਟਰ ਨੂੰ ਹੋਰ ਹੁਲਾਰਾ ਦੇਣ ਲਈ ਦੁਵੱਲੇ ਅਧਿਕਾਰਾਂ ਨੂੰ ਉਦਾਰ ਬਣਾਉਣ ਲਈ ਆਖਿਆ।  

ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਆਦਮਪੁਰ ਹਵਾਈ ਅੱਡੇ ਦਾ ਨਾਂ ਜਲੰਧਰ ਹਵਾਈ ਅੱਡਾ ਰੱਖਣ ਦੀ ਤਜਵੀਜ਼ ’ਤੇ ਗੌਰ ਕਰਨ ਲਈ ਆਖਿਆ ਜਿਸ ਨਾਲ ਮੁਸਾਫ਼ਰਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਉਡਾਨਾਂ ਦੀ ਬੁਕਿੰਗ ਲਈ ਸਹੂਲਤ ਹਾਸਲ ਹੋਵੇਗੀ। 

ਮੀਟਿੰਗ ਦੌਰਾਨ ਸ੍ਰੀ ਪੁਰੀ ਨੇ ਕੇਂਦਰੀ ਸਕੀਮਾਂ ਖਾਸ ਕਰਕੇ ਸਵੱਛਤਾ ਅਭਿਆਨ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਅਮਲ ਵਿੱਚ ਲਿਆਉਣ ਦਾ ਮਾਮਲਾ ਉਠਾਇਆ ਜਿਸ ਸਬੰਧੀ ਮੁੱਖ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਪੁਰੀ ਨੂੰ ਸਾਲਿਡ ਵੇਸਟ ਮੈਨੇਜਮੈਂਟ ਲਈ ਆਧੁਨਿਕ ਤਕਨਾਲੋਜੀ ਨੂੰ ਲਾਗੂ ਕਰਨ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ ਤਾਂ ਕਿ ਸਫਾਈ ਮੁਹਿੰਮ ਨੂੰ ਹੋਰ ਵਧੇਰੇ ਕਾਰਗਰ ਢੰਗ ਨਾਲ ਅਮਲ ਵਿੱਚ ਲਿਆਉਣ ਨੂੰ ਯਕੀਨੀ ਬਣਾਇਆ ਜਾ ਸਕੇ।

ਇਸ ਮੌਕੇ ਸ੍ਰੀ ਪੁਰੀ ਨੇ ਮੁੱਖ ਮੰਤਰੀ ਨੂੰ ਆਪਣੀ ਕਿਤਾਬ ‘ਡੀਲੂਜ਼ਿਨਲ ਪਾਲਿਟਿਕਸ’ ਭੇਟ ਕੀਤੀ।

ਮੁੱਖ ਮੰਤਰੀ ਨਾਲ ਸੰਸਦ ਮੈਂਬਰ ਪਰਨੀਤ ਕੌਰ ਅਤੇ ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਉਨਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਰੈਜ਼ੀਡੈਂਟ ਕਮਿਸ਼ਨਰ ਰਾਖੀ ਭੰਡਾਰੀ ਹਾਜ਼ਰ ਸਨ।