ਚੰਡੀਗੜ੍ਹ: ਮਹਾਰਾਸ਼ਟਰ ਦੇ ਨਾਂਦੇੜ ਵਿਖੇ ਸਥਿਤ ਗੁਰਦੁਆਰਾ ਮਾਤਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਬੀਤੇ ਦਿਨ ਇੱਕ ਨਿਹੰਗ ਸਿੰਘ ਜਸਪਾਲ ਸਿੰਘ ਵੱਲੋਂ ਕਾਤਲਾਨਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।ਹਮਲੇ ਤੋਂ ਬਾਅਦ ਸੁਖਬੀਰ ਬਾਦਲ ਨੂੰ ਨਿੱਜੀ ਹਸਪਤਾਲ ਲੈ ਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੇ ਹੱਥ ਤੇ 8-9 ਟਾਂਕੇ ਲੱਗੇ ਹਨ। ਸ਼ੁੱਕਰਵਾਰ ਨੂੰ ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਜਿਸਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਨਾ ਕਦੇ ਡਰੇ ਹਨ ਅਤੇ ਨਾ ਹੀ ਕਦੇ ਡਰਨਗੇ।
ਸੁਖਬੀਰ ਬਾਦਲ ਨੇ ਕਿਹਾ, “ਸਿਰ ‘ਤੇ ਗੁਰੂ ਸਾਹਿਬ ਦਾ ਹੱਥ ਹੈ, ਕੋਈ ਆਂਚ ਨਹੀਂ ਆਉਂਦੀ।” ਉਨ੍ਹਾਂ ਨੇ ਕਿਹਾ ਕਿ ਸੱਚੇ ਪਾਤਸ਼ਾਹ ਨੇ ਉਨ੍ਹਾਂ ਨੂੰ ਬਚਾਇਆ ਹੈ ਅਤੇ ਇਸ ਲਈ ਉਹ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ‘ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਦੋਵੇਂ ਵਾਰ ਉਨ੍ਹਾਂ ‘ਤੇ ਧਾਰਮਿਕ ਸਥਾਨਾਂ ‘ਤੇ ਹਮਲਾ ਹੋਇਆ ਹੈ।ਸੁਖਬੀਰ ਬਾਦਲ ਨੇ ਕਿਹਾ ਕਿ ਕੁਝ ਤਾਕਤਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਸਭ ਤੋਂ ਜ਼ਰੂਰੀ ਹੈ ਅਤੇ “ਸਾਡੇ ਵਾਸਤੇ ਪੰਜਾਬ ਦੀ ਭਾਈਚਾਰਕ ਸਾਂਝ ਸਭ ਤੋਂ ਪਹਿਲਾਂ ਹੈ।
ਫਿਲਹਾਲ ਹਮਲਾਵਰ ਨਿਹੰਗ ਜਸਪਾਲ ਸਿੰਘ ਤੋਂ ਸਥਾਨਕ ਪੁਲਿਸ ਅਤੇ ਏਟੀਐਸ ਲਗਾਤਾਰ ਪੁੱਛਗਿੱਛ ਕਰ ਰਹੀਆਂ ਹਨ। ਹਾਲੇ ਤੱਕ ਮੁਲਜਮ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਪੁਲਿਸ ਹੁਣ ਹਮਲੇ ਦੇ ਅਸਲ ਕਾਰਨਾਂ ਅਤੇ ਪਿੱਛੇ ਦੀ ਸਾਜ਼ਿਸ਼ ਦਾ ਪਤਾ ਲਗਾਉਣ ਲਈ ਉਸ ਦੇ ਸੰਪਰਕਾਂ ਦੀ ਜਾਂਚ ਕਰ ਰਹੀ ਹੈ। ਦੋਵੇਂ ਟੀਮਾਂ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕਰ ਰਹੀਆਂ ਹਨ ਕਿ ਕਿਤੇ ਮੁਲਜ਼ਮ ਦੇ ਸੰਬੰਧ ਕਿਸੇ ਹੋਰ ਸ਼ੱਕੀ ਗਰੁੱਪ ਜਾਂ ਜਥੇਬੰਦੀ ਨਾਲ ਤਾਂ ਨਹੀਂ ਜੁੜ ਹੋਏ ਹਨ।
