ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਘੰਟਾ ਘਰ ਡਿਉਢੀ ਦੇ ਬਾਹਰਵਾਰ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਸੁਖਬੀਰ ਸਿੰਘ ਬਾਦਲ ਜਿਸ ਨੂੰ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਸਾਥੀਆਂ ਸਮੇਤ ਸੇਵਾ ਲਗਾਈ ਗਈ, ਉਸ ਸੇਵਾ ਵਿੱਚ ਘੰਟਾ ਘਰ ਡਿਊਢੀ ਦੇ ਬਾਹਰ ਵਾਰ ਇਕ ਘੰਟਾ ਸੇਵਾ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਛਾ ਫੜ ਕੇ ਉੱਥੇ ਡਿਊਟੀ ਕਰਨ ਦੀ ਵੀ ਸੇਵਾ ਲਗਾਈ ਗਈ, ਪਰ ਅੱਜ ਜਦ ਉਹ ਤਨਖਾਹ ਲੱਗੀ ਹੋਈ ਸੇਵਾ ਕਰ ਰਹੇ ਸੀ ਇਸ ਸੇਵਾ ਦੌਰਾਨ ਉਹਨਾਂ ਉੱਤੇ ਜਾਨਲੇਵਾ ਹਮਲਾ ਹੋਇਆ।
ਮੌਕੇ ‘ਤੇ ਸੇਵਾਦਾਰਾਂ ਤੇ ਸਿਕਿਓਰਟੀ ਵੱਲੋਂ ਮੁਸ਼ਤੈਦੀ ਵਰਤਦਿਆਂ ਹੋਇਆਂ ਉਹ ਗੋਲੀ ਉਹਨਾਂ ‘ਤੇ ਨਹੀਂ ਲੱਗੀ ਪਰ ਉਹ ਗੋਲੀ ਚਰਨ ਕੁੰਡ ਵਿੱਚ ਜਿਥੇ ਸੰਗਤ ਆਪਣੇ ਚਰਨ ਧੋ ਕੇ ਪਰਿਕਰਮਾ ਦੇ ਵਿੱਚ ਪ੍ਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋਲੀ ਲੱਗੀ ਹੈ। ਇਹ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਨਹੀਂ ਹੈ। ਇਹ ਹਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਘਰ ਡਿਊਢੀ ਦੇ ਬਾਹਰ ਵਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ‘ਤੇ ਹੋਇਆ ਹੈ, ਜੋ ਸੇਵਾਦਾਰ ਦਾ ਨੀਲਾ ਚੋਲਾ ਪਾ ਕੇ ਹੱਥ ਵਿੱਚ ਬਰਛਾ ਫੜ ਕੇ ਘੰਟਾ ਘਰ ਦੇ ਬਾਹਰ ਸੇਵਾ ਕਰ ਰਿਹਾ ਸੀ।
ਇਸ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ ਅਤੇ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਇਸਦੇ ਪਿੱਛੇ ਕੌਣ ਹੈ, ਸਾਰਾ ਵਰਤਾਰਾ ਕਿਉਂ ਵਾਪਰਿਆ ਉਸ ਦੀ ਮੁਕੰਮਲ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ। ਇਸ ਮੌਕੇ ਉਹਨਾਂ ਦੇ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਵੀ ਮੌਜੂਦ ਸਨ।