ਮੁੰਬਈ:ਦੇਸ਼ ਵਿੱਚ ਵਧ ਰਹੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਬੌਲੀਵੁੱਡ ਅਦਾਕਾਰ ਜੌਹਨ ਅਬਰਾਹਮ ਦੀ ਫ਼ਿਲਮ ‘ਸੱਤਿਆਮੇਵ ਜਯਤੇ-2’ ਦੀ ਰਿਲੀਜ਼ ਟਾਲ ਦਿੱਤੀ ਗਈ ਹੈ। ਫ਼ਿਲਮ ਦੇ ਨਿਰਦੇਸ਼ਕ ਮਿਲਾਪ ਜ਼ਾਵੇਰੀ ਨੇ ਅੱਜ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਦਿੱਤੀ ਹੈ। ਇਸ ਫ਼ਿਲਮ ਨੇ ਅਗਾਮੀ 13 ਮਈ ਨੂੰ ਈਦ ਮੌਕੇ ਰਿਲੀਜ਼ ਹੋਣਾ ਸੀ ਅਤੇ ਇਸੇ ਦਿਨ ਸਲਮਾਨ ਖਾਨ ਦੀ ਫ਼ਿਲਮ ‘ਰਾਧੇ: ਦਿ ਮੋਸਟ ਵਾਂਟੇਡ ਭਾਈ’ ਵੀ ਰਿਲੀਜ਼ ਹੋਣੀ ਹੈ। ਮਿਲਾਪ ਨੇ ਆਖਿਆ,‘‘ਇਸ ਸਮੇਂ ਦੇਸ਼ ਵਾਸੀਆਂ ਦੀ ਸੁਰੱਖਿਆ ਅਤੇ ਸਿਹਤ ਤੋਂ ਬਗੈਰ ਕੁਝ ਵੀ ਜ਼ਰੂਰੀ ਨਹੀਂ ਹੈ। ਇਸ ਲਈ ਸਾਡੀ ਫ਼ਿਲਮ ਹੁਣ ਕਿਸੇ ਹੋਰ ਤਰੀਕ ਨੂੰ ਰਿਲੀਜ਼ ਹੋਵੇਗੀ। ਉਦੋਂ ਤੱਕ ਮਾਸਕ ਪਹਿਨੋ ਅਤੇ ਅਸੀਂ ਖੁਦ ਤੇ ਆਪਣੇ ਅਜ਼ੀਜ਼ਾਂ ਨੂੰ ਨੁਕਸਾਨ ਤੋਂ ਬਚਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਜੈ ਹਿੰਦ।’’ ਉਸ ਨੇ ਆਖਿਆ,‘‘ਭਾਰਤ ਨੂੰ ਸੁਰੱਖਿਅਤ ਰੱਖੋ। ਤਕੜੇ ਰਹੋ। ਜਿਨ੍ਹਾਂ ਦੀ ਮਦਦ ਕਰ ਸਕਦੇ ਹੋ ਉਨ੍ਹਾਂ ਦੀ ਮਦਦ ਕਰੋ। ਤੁਸੀਂ ਜਲਦ ਹੀ ਫ਼ਿਲਮ ‘ਸੱਤਿਆਮੇਵ ਜਯਤੇ-2’ ਦੇਖੋਗੇ।’’