ਨਵੀਂ ਦਿੱਲੀ, 19 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੀ ਪੁਰਾਣੀ ਇਮਾਰਤ ਨੂੰ ਵਿਦਾਇਗੀ ਦਿੰਦਿਆਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਤੇ ਉਨ੍ਹਾਂ ਮਗਰੋਂ ਇਸ ਅਹੁਦੇ ’ਤੇ ਬੈਠੇ ਆਗੂਆਂ- ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ, ਪੀ.ਵੀ.ਨਰਸਿਮ੍ਹਾ ਰਾਓ ਤੇ ਅਟਲ ਬਿਹਾਰੀ ਵਾਜਪਾਈ ਦੇ ਰੱਜ ਕੇ ਸੋਹਲੇ ਗਾਏ। ਸ੍ਰੀ ਮੋਦੀ ਨੇ ਲੋਕ ਸਭਾ ਨੂੰ ਮਨਮੋਹਨ ਸਿੰਘ ਸਰਕਾਰ ਵੇਲੇ ਹੋਏ ‘ਕੈਸ਼ ਫਾਰ ਵੋਟ’ (ਵੋਟ ਬਦਲੇ ਨੋਟ) ਘੁਟਾਲੇ ਬਾਰੇ ਵੀ ਚੇਤੇ ਕਰਵਾਇਆ। ਸ੍ਰੀ ਮੋਦੀ ਲੋਕ ਸਭਾ ਵਿੱਚ ‘‘ਸੰਵਿਧਾਨ ਸਭਾ ਤੋਂ ਸ਼ੁਰੂ ਹੋ ਕੇ ਸੰਸਦ ਦੇ 75 ਸਾਲਾਂ ਦੇ ਸਫ਼ਰ- ਪ੍ਰਾਪਤੀਆਂ, ਤਜਰਬੇ, ਯਾਦਾਂ ਤੇ ਸਬਕਾਂ’’ ਵਿਸ਼ੇ ਉੱਤੇ ਬਹਿਸ ਦੀ ਸ਼ੁਰੂਆਤ ਮੌਕੇ ਬੋਲ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਜਪਾਈ ਸਰਕਾਰ ਸਮੇਂ ਤਿੰਨ ਨਵੇਂ ਰਾਜਾਂ ਉੱਤਰਾਖੰਡ, ਝਾਰਖੰਡ ਤੇ ਛੱਤੀਸਗੜ੍ਹ ਦੇ ਗਠਨ ਨਾਲ ਹਰ ਪਾਸੇ ਜਸ਼ਨ ਦਾ ਮਾਹੌਲ ਸੀ, ਪਰ (ਮਨਮੋਹਨ ਸਿੰਘ ਸਰਕਾਰ ਵੇਲੇ) ਜਦੋਂ ਆਂਧਰਾ ਪ੍ਰਦੇਸ਼ ਵਿਚੋਂ ਤਿਲੰਗਾਨਾ ਦਾ ਜਨਮ ਹੋਇਆ ਤਾਂ ਦੋਵਾਂ ਰਾਜਾਂ ਵਿੱਚ ਸਿਰਫ਼ ਕੁੜੱਤਣ ਤੇ ਖੂਨ-ਖਰਾਬਾ ਵੇਖਣ ਨੂੰ ਮਿਲਿਆ। ਸ੍ਰੀ ਮੋਦੀ ਨੇ ਪੁਰਾਣੀ ਸੰਸਦੀ ਇਮਾਰਤ ਦੀ ‘ਹਰੇਕ ਇੱਟ’ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸੰਸਦ ਮੈਂਬਰ ਭਲਕੇ ਸੰਸਦ ਦੀ ਨਵੀਂ ਇਮਾਰਤ ਵਿੱਚ ‘ਨਵੀਂ ਆਸ ਤੇ ਭਰੋਸੇ’ ਨਾਲ ਦਾਖ਼ਲ ਹੋਣਗੇ। ਉਨ੍ਹਾਂ ਕਿਹਾ ਕਿ ਪੁਰਾਣੀ ਸੰਸਦੀ ਇਮਾਰਤ ਦੇ ਨਿਰਮਾਣ ਦਾ ਫੈਸਲਾ ਭਾਵੇਂ ਵਿਦੇਸ਼ੀ ਸ਼ਾਸਕਾਂ ਨੇ ਕੀਤਾ ਸੀ, ਪਰ ਇਮਾਰਤ ਭਾਰਤ ਦੇ ਲੋਕਾਂ ਦੀ ਸਖ਼ਤ ਮਿਹਨਤ, ਪਸੀਨੇ ਤੇ ਪੈਸੇ ਨਾਲ ਉਸਾਰੀ ਗਈ ਸੀ।
ਸ੍ਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, ‘‘ਇਸ ਇਮਾਰਤ ਨੂੰ ਵਿਦਾੲਿਗੀ ਦੇਣਾ ਬਹੁਤ ਭਾਵੁਕ ਪਲ ਹਨ। ਹੁਣ ਜਦੋਂ ਅਸੀਂ ਇਸ ਇਮਾਰਤ ਨੂੰ ਛੱਡਣ ਲੱਗੇ ਹਾਂ ਤਾਂ ਸਾਡਾ ਦਿਲੋ ਦਿਮਾਗ ਬਹੁਤ ਸਾਰੀਆਂ ਭਾਵਨਾਵਾਂ ਤੇ ਯਾਦਾਂ ਨਾਲ ਭਰਿਆ ਹੋਇਆ ਹੈ।’’ ਪ੍ਰਧਾਨ ਮੰਤਰੀ ਨੇ ਆਪਣੀ 52 ਮਿੰਟਾਂ ਦੀ ਤਕਰੀਰ ਦੌਰਾਨ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦੀ ਬਹਾਦਰੀ ਨੂੰ ਵੀ ਯਾਦ ਕੀਤਾ, ਜਿਨ੍ਹਾਂ ਸੁੱਤੇ ਪਏ ਬਰਤਾਨਵੀ ਸਾਮਰਾਜ ਨੂੰ ਨੀਂਦ ’ਚੋਂ ਜਗਾਉਣ ਲਈ ਇਸੇ ਸੰਸਦ ਵਿੱਚ ਬੰਬ ਸੁੱਟੇ ਸਨ। ਉਨ੍ਹਾਂ ਕਿਹਾ, ‘‘ਉਸ ਬੰਬ ਦੀ ਗੂੰਜ ਅੱਜ ਦੇਸ਼ ਦਾ ਭਲਾ ਚਾਹੁਣ ਵਾਲਿਆਂ ਦੀ ਨੀਂਦ ਉਡਾਉਂਦੀ ਹੈ।’’ ਸਿੰਘ ਤੇ ਦੱਤ ਨੇ ਦਿੱਲੀ ਕੇਂਦਰੀ ਵਿਧਾਨਕ ਅਸੈਂਬਲੀ (ਮੌਜੂਦਾ ਸੰਸਦ ਭਵਨ) ਵਿੱਚ ਬੰਬ ਸੁੱਟੇ ਸਨ।
ਸ੍ਰੀ ਮੋਦੀ ਨੇ ਕਿਹਾ ਕਿ ਪੰਡਿਤ ਨਹਿਰੂ ਨੇ ਇਸੇ ਸੰਸਦ ਵਿੱਚ ‘ਮੱਧ ਰਾਤਰੀ ਨੂੰ’ ਆਪਣੀ ‘ਟਰਾਇਸਟ ਵਿਦ ਡੈਸਟਿਨੀ’ (ਕਿਸਮਤ ਨਾਲ ਕੋਸ਼ਿਸ਼ ਕਰੋ) ਤਕਰੀਰ ਦਿੱੱਤੀ ਸੀ ਤੇ ਉਨ੍ਹਾਂ ਦੇ ਸ਼ਬਦ ਸਾਰਿਆਂ ਨੂੰ ਅੱਜ ਵੀ ਪ੍ਰੇਰਨਾ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਇਸੇ ਸਦਨ ਵਿੱਚ ਅਟਲਜੀ ਦੇ ਸ਼ਬਦ ‘ਸਰਕਾਰੇਂ ਆਏਂਗੀ, ਜਾਏਂਗੀ; ਪਾਰਟੀਆਂ ਬਨੇਗੀਂ, ਬਿਗੜੇਗੀਂ; ਲੇਕਿਨ ਯੇਹ ਦੇਸ਼ ਰਹਿਨਾ ਚਾਹੀਏ’’ ਅੱਜ ਵੀ ਸਾਡੇ ਜ਼ਿਹਨ ਵਿਚ ਗੂੰਜਦੇ ਹਨ।’’ ਸ੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ 75 ਸਾਲਾਂ ਦੀ ਸਭ ਤੋਂ ਵੱਡੀ ਉਪਲੱਬਧੀ ਹੈ ਕਿ ਆਮ ਲੋਕਾਂ ਦਾ ਸੰਸਦ ’ਤੇ ਭਰੋਸਾ ਵਧਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਸੰਸਦ ਦੀ ਨਵੀਂ ਇਮਾਰਤ ਵਿੱਚ ਤਬਦੀਲ ਹੋ ਰਹੇ ਹਾਂ, ਪਰ ਇਹ ਪੁਰਾਣੀ ਇਮਾਰਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਸਾਰਿਆਂ ਪੰਡਿਡ ਨਹਿਰੂ ਤੋਂ ਵਾਜਪਾਈ ਤੱਕ, ਨੂੰ ਜੀ ਆਇਆਂ ਕਹਿਣ ਦਾ ਮੌਕਾ ਹੈ, ਜਿਨ੍ਹਾਂ ਇਸ ਸਦਨ ਦੀ ਅਗਵਾਈ ਕੀਤੀ ਤੇ ਭਾਰਤ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ਉਨ੍ਹਾਂ ਆਪਣੀ ਅਗਵਾਈ ਹੇਠ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ ਤੇ ਅੱਜ ਮੌਕਾ ਹੈ ਕਿ ਉਨ੍ਹਾਂ ਦੀਆਂ ਉਪਲਬਧੀਆਂ ’ਤੇ ਚਾਨਣਾ ਪਾਇਆ ਜਾਵੇ। ਸ੍ਰੀ ਮੋਦੀ ਨੇ ਆਪਣੀ ਤਕਰੀਰ ਵਿੱਚ ਸਰਦਾਰ ਵੱਲਭਭਾਈ ਪਟੇਲ, ਚੰਦਰਸ਼ੇਖਰ ਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਯਾਦ ਕੀਤਾ, ਜਿਨ੍ਹਾਂ ਇਸ ਸਦਨ ਨੂੰ ਅਮੀਰ ਬਣਾਇਆ।
ਪ੍ਰਧਾਨ ਮੰਤਰੀ ਨੇ ਸੰਸਦੀ ਇਮਾਰਤ ’ਤੇ ਹੋਏ ਦਹਿਸ਼ਤੀ ਹਮਲੇ ਨੂੰ ਵੀ ਯਾਦ ਕੀਤਾ ਤੇ ਸੰਸਦ ਮੈਂਬਰਾਂ ਦੀ ਜਾਨ ਬਚਾਉਣ ਖਾਤਰ ਆਪਣੀ ਛਾਤੀ ’ਤੇ ਗੋਲੀਆਂ ਖਾਣ ਵਾਲੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ, ‘‘ਇਹ ਇਕ ਇਮਾਰਤ ’ਤੇ ਨਹੀਂ ਬਲਕਿ ਜਮਹੂਰੀਅਤ ਦੀ ਜਨਨੀ ’ਤੇ ਹਮਲਾ ਸੀ। ਇਹ ਭਾਰਤ ਦੀ ਆਤਮਾ ’ਤੇ ਹਮਲਾ ਸੀ।’’ ਸ੍ਰੀ ਮੋਦੀ ਨੇ ਕਿਹਾ, ‘‘ਮੈਂ ਸਦਨ ਨੂੰ ਬਚਾਉਣ ਖਾਤਰ ਆਪਣੇ ਸੀਨੇ ’ਤੇ ਗੋਲੀਆਂ ਖਾਣ ਵਾਲਿਆਂ ਨੂੰ ਸਲਾਮ ਕਰਦਾ ਹਾਂ। ਉਹ ਅੱਜ ਸਾਡੇ ਨਾਲ ਨਹੀਂ ਹਨ, ਪਰ ਉਨ੍ਹਾਂ ਸਾਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ।’’ ਪ੍ਰਧਾਨ ਮੰਤਰੀ ਨੇ ਬੀ.ਆਰ.ਅੰਬੇਦਕਰ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੰਬੇਦਕਰ ਦੇ ਸਨਅਤੀਕਰਨ ਬਾਰੇ ਦ੍ਰਿਸ਼ਟੀਕੋਣ, ਜੋ ਆਜ਼ਾਦ ਭਾਰਤ ਦੀ ਪਹਿਲੀ ਸਰਕਾਰ ਮੌਕੇ ਦੇਸ਼ ਵਿੱਚ ਸਮਾਜਿਕ ਨਿਆਂ ਲਿਆਉਣ ਵੱਲ ਸੇਧਤ ਸੀ, ਅੱਜ ਵੀ ਹਰੇਕ ਸਨਅਤੀ ਨੀਤੀ ਦਾ ਕੇਂਦਰ ਬਿੰਦੂ ਸੀ ਤੇ ਰਹੇਗਾ। ਉਨ੍ਹਾਂ ਕਿਹਾ ਕਿ ਸੰਸਦ ਨੇ ਕੁਝ ਭਾਵੁਕ ਤੇ ਉਦਾਸ ਕਰਨ ਦੇਣ ਵਾਲੇ ਪਲ ਵੀ ਵੇਖੇ ਜਦੋਂ ਦੇਸ਼ ਨੇ ਤਿੰਨ ਪ੍ਰਧਾਨ ਮੰਤਰੀਆਂ- ਨਹਿਰੂ, ਸ਼ਾਸਤਰੀ ਤੇ ਇੰਦਰਾ ਗਾਂਧੀ ਨੂੰ ਗੁਆਇਆ। ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਦਨ ਨੇ ‘ਇੰਦਰਾ ਗਾਂਧੀ ਦੀ ਅਗਵਾਈ ਹੇਠ ਬੰਗਲਾਦੇਸ਼ ਦੀ ਆਜ਼ਾਦੀ ਦੀ ਵੀ ਹਮਾਇਤ ਕੀਤੀ।’’ ੲਿਹੀ ਸਦਨ ਐਮਰਜੈਂਸੀ ਦੌਰਾਨ ਜਮਹੂਰੀਅਤ ’ਤੇ ਹਮਲੇ ਦਾ ਗਵਾਹ ਵੀ ਬਣਿਆ ਤੇ ਇਸੇ ਸਦਨ ਰਸਤਿਓਂ ਲੋਕਾਂ ਨੇ ਆਪਣੀ ਤਾਕਤ ਦਾ ਇਸਤੇਮਾਲ ਕੀਤਾ ਤੇ ਅਸੀਂ ਜਮਹੂਰੀਅਤ ਦਾ ਵਾਪਸੀ ਨੂੰ ਵੇਖਿਆ। ਪ੍ਰਧਾਨ ਮੰਤਰੀ ਨੇ ਸਦਨ ਨੇ ਦੋ ਸਾਲਾਂ ਤੇ 11 ਮਹੀਨਿਆਂ ਲਈ ਸੰਵਿਧਾਨ ਸਭਾ ਦੀਆਂ ਬੈਠਕਾਂ ਵੇਖੀਆਂ ਅਤੇ ਸੰਵਿਧਾਨ ਨੂੰ ਅਪਣਾਉਣ ਤੇ ਅਮਲ ਵਿਚ ਲਿਆਉਣ ਦੀ ਗਵਾਹ ਬਣੀ। ਉਨ੍ਹਾ ਕਿਹਾ ਕਿ ਸਦਨ ਨੂੰ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਤੋਂ ਲੈ ਕੇ ਏ.ਪੀ.ਜੇ.ਅਬਦੁਲ ਕਲਾਮ, ਰਾਮ ਨਾਥ ਕੋਵਿੰਦ ਤੇ ਦਰੋਪਦੀ ਮੁਰਮੂ ਦੇ ਸੰਬੋਧਨਾਂ ਦਾ ਲਾਹਾ ਵੀ ਮਿਲਿਆ। ਉਨ੍ਹਾਂ ਕਿਹਾ, ‘‘ਹਰੇਕ ਨੇ ਆਪਣੇ ਤਰੀਕੇ ਨਾਲ ਯੋਗਦਾਨ ਪਾਇਆ ਤੇ ਸਾਰਿਆਂ ਨੂੰ ਨਾਲ ਲੈ ਕੇ ਤੁਰੇ।’’ ਪ੍ਰਧਾਨ ਮੰਤਰੀ ਨੇ ਜੀਵੀ ਮਾਵਲੰਕਰ ਤੋਂ ਲੈ ਕੇ ਸੁਮਿਤਰਾ ਮਹਾਜਨ ਅਤੇ ਮੌਜੂਦਾ ਓਮ ਬਿਰਲਾ ਤੱਕ ਦੇ ਸਪੀਕਰਾਂ ਵੱਲੋਂ ਸਦਨ ਦੇ ਨਿਪੁੰਨ ਪ੍ਰਬੰਧਨ ਨੂੰ ਵੀ ਯਾਦ ਕੀਤਾ। ਸ੍ਰੀ ਮੋਦੀ ਨੇ ਸੰਸਦ ਭਵਨ ਵਿੱਚ ਆਪਣੇ ਪਹਿਲੇ ਦਿਨ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ, ‘‘ਜਦੋਂ ਮੈਂ ਪਹਿਲੀ ਵਾਰ ਐੱਮਪੀ ਬਣਿਆ ਤੇ ਇਸ ਇਮਾਰਤ ਵਿੱਚ ਦਾਖ਼ਲ ਹੋਇਆ…ਮੈਂ ਆਪਮੁਹਾਰੇ ਆਪਣਾ ਸਿਰ ਇਸ ਅੱਗੇ ਝੁਕਾਇਆ। ਮੈਂ ਜਮਹੂਰੀਅਤ ਦੇ ਇਸ ਮੰਦਰ ਅੱਗੇ ਸ਼ਰਧਾਂਜਲੀ ਭੇਟ ਕਰਕੇ ਇਮਾਰਤ ਅੰਦਰ ਪੈਰ ਧਰਿਆ। ਮੇਰੇ ਲਈ ਇਹ ਬਹੁਤ ਭਾਵੁਕ ਪਲ ਸੀ।’’
ਪ੍ਰਧਾਨ ਮੰਤਰੀ ਨੇ ਆਪਣੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਕਦੇ ਵੀ ਸੋਚਿਆ ਨਹੀਂ ਸੀ ਕਿ ਇਕ ਗਰੀਬ ਪਰਿਵਾਰ ਦਾ ਬੱਚਾ, ਜੋ ਰੇਲਵੇ ਪਲੈਟਫਾਰਮ ’ਤੇ ਰਹਿੰਦਾ ਸੀ, ਕਦੇ ਸੰਸਦ ਵਿੱਚ ਪੁੱਜੇਗਾ। ਉਨ੍ਹਾਂ ਕਿਹਾ, ‘‘ਪਰ ਇਹ ਭਾਰਤੀ ਜਮਹੂਰੀਅਤ ਦੀ ਤਾਕਤ ਤੇ ਭਾਰਤ ਦੇ ਆਮ ਆਦਮੀ ਦੇ ਜਮਹੂਰੀਅਤ ਵਿਚ ਵਿਸ਼ਵਾਸ ਦੀ ਝਲਕ ਹੈ ਕਿ ਇਕ ਗਰੀਬ ਪਰਿਵਾਰ ਦਾ ਬੱਚਾ, ਜੋ ਰੇਲਵੇ ਪਲੈਟਫਾਰਮ ’ਤੇ ਰਹਿੰਦਾ ਸੀ, ਸੰਸਦ ਭਵਨ ਪੁੱਜਾ।’’ ਉਨ੍ਹਾਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਇਸ ਸਦਨ ਦੇ 7500 ਨੁਮਾਇੰਦਿਆਂ ਦੀ ਆਵਾਜ਼ ਨੇ ੲਿਸ ਨੂੰ ਤੀਰਥ ਅਸਥਾਨ ਬਣਾ ਦਿੱਤਾ ਹੈ। ਇਕ ਵਿਅਕਤੀ ਜਿਸ ਨੂੰ ਜਮਹੂਰੀਅਤ ਵਿੱਚ ਵਿਸ਼ਵਾਸ ਹੈ, ਅੱਜ ਤੋਂ 50 ਸਾਲ ਮਗਰੋਂ ਜਦੋਂ ਇਹ ਥਾਂ ਵੇਖਣ ਲਈ ਆਏਗਾ, ਤਾਂ ਉਸ ਨੂੰ ਭਾਰਤ ਦੀ ਆਤਮਾ ਦੀ ਆਵਾਜ਼ ਸੁਣੇਗੀ, ਜੋ ਕਦੇ ਇਥੇ ਗੂੰਜਦੀ ਸੀ।’’