ਨਵੀਂ ਦਿੱਲੀ, 21 ਜੁਲਾਈ
ਮੌਨਸੂਨ ਇਜਲਾਸ ਦੇ ਪਹਿਲੇ ਦਿਨ ਮਨੀਪੁਰ ਹਿੰਸਾ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਅੱਜ ਜ਼ੋਰਦਾਰ ਹੰਗਾਮਾ ਹੋਇਆ। ਵਿਰੋਧੀ ਧਿਰਾਂ ਉੱਤਰ-ਪੂਰਬੀ ਰਾਜ ਵਿੱਚ ਹਿੰਸਾ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ ਵਿੱਚ ਬਿਆਨ ਦਿੱਤੇ ਜਾਣ ਅਤੇ ਮਨੀਪੁਰ ਹਾਲਾਤ ਬਾਰੇ ਵਿਚਾਰ ਚਰਚਾ ਦੀ ਆਪਣੀ ਮੰਗ ’ਤੇ ਅੜੀਆਂ ਰਹੀਆਂ। ਸਰਕਾਰ ਵੱਲੋਂ ਦੋਵਾਂ ਸਦਨਾਂ ਵਿੱਚ ਚਰਚਾ ਦੇ ਦਿੱਤੇ ਭਰੋਸੇ ਦੇ ਬਾਵਜੂਦ ਵਿਰੋਧੀ ਧਿਰ ਦੇ ਸ਼ੋਰ-ਸ਼ਰਾਬੇ ਕਰਕੇ ਲੋਕ ਸਭਾ ਤੇ ਰਾਜ ਸਭਾ ਵਿੱਚ ਕੋਈ ਕੰਮਕਾਜ ਨਹੀਂ ਹੋਇਆ। ਵਿਰੋਧੀ ਧਿਰਾਂ ਨੇ ‘ਮਨੀਪੁਰ ਮਨੀਪੁਰ’ ਤੇ ‘ਮਨੀਪੁਰ ਸੜ ਰਿਹੈ’ ਦੇ ਨਾਅਰੇ ਲਾਏ। ਇਸ ਦੌਰਾਨ ਸੰਸਦੀ ਕਾਰਵਾਈ ’ਚ ਕਈ ਵਾਰ ਅੜਿੱਕਾ ਪਿਆ ਤੇ ਮਗਰੋਂ ਦੋਵਾਂ ਸਦਨਾਂ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ। ਉਂਜ ਰੌਲੇ-ਰੱਪੇ ਦਰਮਿਆਨ ਹੀ ਰਾਜ ਸਭਾ ਵਿਚ ਸਿਨੇਮਾਟੋਗ੍ਰਾਫ (ਸੋਧ) ਬਿੱਲ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਲੋਕ ਸਭਾ ਵਿਚ ਕਿਹਾ ਕਿ ਸਰਕਾਰ ਪਹਿਲਾਂ ਹੀ ਸਾਫ਼ ਕਰ ਚੁੱਕੀ ਹੈ ਕਿ ਉਹ ਸੰਸਦ ਦੇ ਦੋਵਾਂ ਸਦਨਾਂ ਵਿੱਚ ਮਨੀਪੁਰ ਮਸਲੇ ’ਤੇ ਚਰਚਾ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਦੇ ਉਪ ਆਗੂ ਰਾਜਨਾਥ ਸਿੰਘ ਨੇ ਵੀ ਇਹੀ ਭਰੋਸਾ ਦਿੱਤਾ ਹੈ। ਜੋਸ਼ੀ ਨੇ ਕਿਹਾ ਕਿ ਮਨੀਪੁਰ ਬਾਰੇ ਚਰਚਾ ਮਗਰੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਬਾਰੇ ਤਫ਼ਸੀਲ ਵਿੱਚ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਚਰਚਾ ਕਦੋਂ ਕਰਵਾਉਣੀ ਹੈ, ਇਸ ਬਾਰੇ ਫੈਸਲਾ ਸਪੀਕਰ ਵਜੋਂ ਲਿਆ ਜਾਵੇਗਾ, ਪਰ ਵਿਰੋਧੀ ਧਿਰਾਂ ਪ੍ਰਧਾਨ ਮੰਤਰੀ ਵੱਲੋਂ ਬਿਆਨ ਦਿੱਤੇ ਜਾਣ ਦੀ ਮੰਗ ’ਤੇ ਅੜੀਆਂ ਹਨ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ ਤਾਂ ਉਸ ਮੌਕੇ ਲੋਕ ਸਭਾ ਦੀ ਕਾਰਵਾਈ ਚਲਾ ਰਹੇ ਕਿਰਿਤ ਸੋਲੰਕੀ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਅੱਜ ਸਵੇਰੇ ਲੋਕ ਸਭਾ ਵਿੱਚ 11 ਸਾਬਕਾ ਤੇ ਦੋ ਮੌਜੂਦਾ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਸਦਨ ਦੀ ਕਾਰਵਾਈ ਨੂੰ ਦੋ ਵਜੇ ਤੱਕ ਮੁਲਤਵੀ ਕਰ ਦਿੱੱਤਾ ਗਿਆ ਸੀ।
ਉਧਰ ਇਜਲਾਸ ਦੇ ਪਹਿਲੇ ਦਿਨ ਰਾਜ ਸਭਾ ਜੁੜੀ ਤਾਂ ਸਦਨ ਵਿੱਚ ਸਿਨੇਮਾਟੋਗ੍ਰਾਫ਼ (ਸੋਧ) ਬਿੱਲ ਸਣੇ ਹੋਰ ਦਸਤਾਵੇਜ਼ ਰੱਖੇ ਗਏ। ਵਿਰੋਧੀ ਧਿਰਾਂ ਨੇ ਮਨੀਪੁਰ ਮੁੱਦੇ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਜਾਰੀ ਰੱਖੀ ਤਾਂ ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਮੁੜ ਜੁੜਿਆ ਤਾਂ ਸੂਚਨਾ ਤੇ ਪ੍ਰਸਾਰਨ ਮੰਤਰੀ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸਿਨੇਮਾਟੋਗ੍ਰਾਫ਼ ਐਕਟ 1952 ਵਿੱਚ ਸੋਧ ਲਈ ਸਿਨੇਮਾਟੋਗ੍ਰਾਫ (ਸੋਧ) ਬਿੱਲ 2023 ਰੱਖਿਆ, ਜਿਸ ਨੂੰ ਵਿਰੋਧੀ ਧਿਰਾਂ ਦੇ ਸ਼ੋਰ-ਸ਼ਰਾਬੇ ਦਰਮਿਆਨ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮਨੀਪੁਰ ਮੁੱਦੇ ’ਤੇ ਚਰਚਾ ਦਾ ਅਗਾਊਂ ਨੋਟਿਸ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਜਦੋਂ ਰੌਲਾ-ਰੱਪਾ ਜਾਰੀ ਰਿਹਾ ਤਾਂ ਚੇਅਰਮੈਨ ਧਨਖੜ ਨੇ ਸਦਨ ਦੀ ਕਾਰਵਾਈ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ। ਇਸ ਤੋਂ ਪਹਿਲਾਂ ਅੱਜ ਦਿਨੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਨੇਮ 267 ਤਹਿਤ ਮਨੀਪੁਰ ਮਸਲੇ ’ਤੇ ਸੰਖੇਪ ਚਰਚਾ ਲਈ ਮੈਂਬਰਾਂ ਵੱਲੋਂ ਦਿੱਤੇ ਅੱਠ ਨੋਟਿਸ ਸਵੀਕਾਰ ਕੀਤੇ। ਸਦਨ ਦੇ ਆਗੂ ਪਿਊਸ਼ ਗੋਇਲ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਨੋਟਿਸਾਂ ’ਤੇ ਕੋਈ ਇਤਰਾਜ਼ ਨਹੀਂ ਤੇ ਸਰਕਾਰ ਚਰਚਾ ਲਈ ਤਿਆਰ ਹੈ। ਚੇਅਰਮੈਨ ਨੇ ਨੋਟਿਸਾਂ ਨੂੰ ਪ੍ਰਵਾਨਗੀ ਦਿੱਤੀ ਤਾਂ ਖੜਗੇ ਨੇ ਇਤਰਾਜ਼ ਜਤਾਇਆ ਕਿ ਪਹਿਲਾਂ ਸਦਨ ਦੇ ਕੰਮਕਾਜ ਨੂੰ ਮੁਅੱਤਲ ਕੀਤਾ ਜਾਵੇ। ਟੀਐੱਮਸੀ ਦੇ ਡੈਰੇਕ ਓ’ਬ੍ਰਾਇਨ ਨੇ ਵੀ ਕਿਹਾ ਕਿ ਨੇਮ 267 ਤਹਿਤ ਮਨੀਪੁਰ ਦੇ ਹਾਲਾਤ ਬਾਰੇ ਚਰਚਾ ਕੀਤੀ ਜਾਵੇ ਤੇ ਪ੍ਰਧਾਨ ਮੰਤਰੀ ਇਸ ਮਾਮਲੇ ’ਤੇ ਧਾਰੀ ਚੁੱਪੀ ਤੋੜਨ।