ਨਵੀਂ ਦਿੱਲੀ, 28 ਅਪਰੈਲ

ਸੰਸਦੀ ਪੈਨਲ ਨੇ ਕਥਿਤ ਮੁਕਾਬਲੇਬਾਜ਼ੀ ਗਤੀਵਿਧੀਆਂ ਦੇ ਮੱਦੇਨਜ਼ਰ ਗੂਗਲ, ਟਵਿੱਟਰ, ਐਮੇਜ਼ਨ ਅਤੇ ਹੋਰਨਾਂ ਵੱਡੀਆਂ ਤਕਨੀਆਂ ਕੰਪਨੀਆਂ ਦੇ ਪ੍ਰਤੀਨਿਧਾਂ ਨੂੰ ਤਲਬ ਕਰਨ ਦਾ ਫੈਸਲਾ ਕੀਤਾ ਹੈ। ਇਸ ਮੁੱਦੇ ‘ਤੇ ਪੈਨਲ ਦੀ ਅਗਲੀ ਮੀਟਿੰਗ 12 ਮਈ ਨੂੰ ਹੋਣ ਦੀ ਸੰਭਾਵਨਾ ਹੈ। ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ (ਸੀਸੀਆਈ) ਵੱਲੋਂ ਇਸ ਸੰਬਧੀ ਰਿਪੋਰਟ ਪੇਸ਼ ਕਰਨ ਬਾਅਦ ਵਿੱਤ ਬਾਰੇ ਸੰਸਦੀ ਸਥਾਈ ਕਮੇਟੀ ਦੇ ਮੈਂਬਰਾਂ ਨੇ ਇਸ ਮੁੱਦੇ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਰੈਗੂਲੇਟਰ ਨੇ ਪੈਨਲ ਨੂੰ ਦੱਸਿਆ ਕਿ ਉਹ ਵੱਡੀਆਂ ਤਕਨੀਕੀ ਕੰਪਨੀਆਂ ਦੇ ਮੁਕਾਬਲੇਬਾਜ਼ੀ ਵਿਰੋਧੀ ਗਤੀਵਿਧੀਆਂ ਦੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ‘ਡਿਜੀਟਲ ਮਾਰਕੀਟ ਅਤੇ ਡੇਟਾ ਯੂਨਿਟ’ ਸਥਾਪਤ ਕਰਨ ਦੇ ਨਾਲ ਨਾਲ ਸੀਸੀਆਈ ਐਕਟ ਵਿੱਚ ਸੋਧ ਲਈ ਇੱਕ ਨਵਾਂ ਬਿੱਲ ਲਿਆ ਰਿਹਾ ਹੈ। ਸੀਸੀਆਈ ਨੇ ਡਿਜੀਟਲ ਖੇਤਰ ਵਿੱਚ ਗੂਗਲ, ​​ਫੇਸਬੁੱਕ-ਵਟਸਐਪ, ਐਪਲ, ਐਮੇਜ਼ਨ, ਫਲਿੱਪਕਾਰਟ, ਮੇਕਮਾਈਟ੍ਰਿਪ-ਗੋ ਇਬੀਬੋ, ਸਵਿਗੀ ਅਤੇ ਜ਼ੋਮੈਟੋ ਵਿਰੁੱਧ ਕੀਤੀਆਂ ਜਾ ਰਹੀਆਂ ਜਾਂਚਾਂ ਦਾ ਹਵਾਲਾ ਦਿੱਤਾ।