ਨਵੀਂ ਦਿੱਲੀ, 20 ਸਤੰਬਰ

ਉਪ ਰਾਸ਼ਟਰਪਤੀ ਅਤੇ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਅੱਜ ਨਵੇਂ ਸੰਸਦ ਭਵਨ ’ਚ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਸੰਸਦੀ ਕੰਮਕਾਜ ਵਿੱਚ ਵਿਘਨ ਪਾਉਣ ਨੂੰ ‘ਹਥਿਆਰ’ ਬਣਾਉਣ ਦੀ ਰਣਨੀਤੀ ਖਤਮ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਜਮਹੂਰੀ ਕਦਰਾਂ ਕੀਮਤਾਂ ਦੇ ਵਿਰੁੱਧ ਹੈ।

ਭਾਰਤੀ ਸੰਸਦ ਦੀ ਅਮੀਰ ਵਿਰਾਸਤ ਦੇ ਸਬੰਧ ’ਚ ਪੁਰਾਣੇ ਸੰਸਦ ਭਵਨ ਦੇ ਇਤਿਹਾਸਕ ਕੇਂਦਰੀ ਹਾਲ ’ਚ ਕਰਵਾਏ ਸਮਾਗਮ ਮੌਕੇ ਧਨਖੜ ਨੇ ਕਿਹਾ ਕਿ ਇਸੇ ਹਾਲ ’ਚ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਚੁਣੌਤੀਪੂਰਨ ਸਫਰ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਪੁਰਾਣੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਮਹੂਰੀਅਤ ਦੇ ਮੰਦਰਾਂ ਵਿੱਚ ਨਿਯਮਾਂ ਦੀ ਅਪਮਾਨਜਨਕ ਉਲੰਘਣਾ ਅਤੇ ਅਢੁੱਕਵੇਂ ਵਿਹਾਰ ਨੂੰ ਸਹੀ ਠਹਿਰਾਉਣ ’ਤੇ ਹਮੇਸ਼ਾ ਲਈ ਰੋਕ ਲਾਉਣ ਦਾ ਸਮਾਂ ਆ ਗਿਆ ਹੈ। ਧਨਖੜ ਨੇ ਕਿਹਾ, ‘‘ਅਸੀਂ ਨਵੇਂ ਸੰਸਦ ਭਵਨ ਵੱਲ ਵਧ ਰਹੇ ਹਾਂ, ਸਾਨੂੰ ਸਹਿਯੋਗ ਅਤੇ ਸਹਿਮਤੀ ਭਰਿਆ ਰਵੱਈਆ ਅਪਣਾਉਣਾ ਚਾਹੀਦਾ ਹੈ। ਟਕਰਾਅ ਭਰੇ ਰੁਖ਼ ਨੂੰ ਅਲਵਿਦਾ ਆਖਣ ਅਤੇ ਕੌਮੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣ ਦਾ ਅਹਿਦ ਕਰਨ ਦਾ ਸਮਾਂ ਆ ਗਿਆ ਹੈ।’’