ਨਵੀਂ ਦਿੱਲੀ/ਮੁੰਬਈ, 21 ਸਤੰਬਰ
ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਅੱਜ ਦੋਸ਼ ਲਾਇਆ ਕਿ ਨਵੀਂ ਸੰਸਦੀ ਇਮਾਰਤ ’ਚ ਕੰਮਕਾਜ ਦੇ ਪਹਿਲੇ ਦਿਨ ਸੰਸਦ ਮੈਂਬਰਾਂ ਨੂੰ ਦਿੱਤੀ ਗਈ ਸੰਵਿਧਾਨ ਦੀ ਕਾਪੀ ਦੀ ਪ੍ਰਸਤਾਵਨਾ ਵਿਚੋਂ ‘ਧਰਮ ਨਿਰਪੱਖ’ ਤੇ ‘ਸਮਾਜਵਾਦੀ’ ਸ਼ਬਦ ਗਾਇਬ ਹਨ। ਇਸ ਮਾਮਲੇ ਵਿਚ ਵਿਰੋਧੀ ਧਿਰ ਦੇ ਕਈ ਆਗੂਆਂ ਵੱਲੋਂ ਸਰਕਾਰ ਉਤੇ ਨਿਸ਼ਾਨਾ ਸੇਧਣ, ਤੇ ਇਸ ਨੂੰ ‘ਗੰਭੀਰ’ ਮੁੱਦਾ ਅਤੇ ‘ਅਪਰਾਧ’ ਕਰਾਰ ਦੇਣ ਤੋਂ ਬਾਅਦ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਇਨ੍ਹਾਂ ਕਾਪੀਆਂ ਵਿਚ ਸੰਵਿਧਾਨ ਦੀ ਪ੍ਰਸਤਾਵਨਾ ਦਾ ਮੂਲ ਰੂਪ (ਅਸਲ ਤੇ ਸਭ ਤੋਂ ਪਹਿਲਾ) ਹੈ ਤੇ ਇਹ ਸ਼ਬਦ ਸੰਵਿਧਾਨਕ ਸੋਧਾਂ ਤੋਂ ਬਾਅਦ ਇਸ ਵਿਚ ਜੋੜੇ ਗਏ ਸਨ। ਉਨ੍ਹਾਂ ਕਿਹਾ, ‘ਇਹ ਅਸਲ ਪ੍ਰਸਤਾਵਨਾ ਹੈ। ਸੋਧਾਂ ਬਾਅਦ ਵਿਚ ਹੋਈਆਂ ਹਨ।’ ਚੌਧਰੀ ਨੇ ਮਾਮਲੇ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਇਹ ਸ਼ਬਦ ‘ਚਲਾਕੀ ਨਾਲ ਹਟਾਏ ਗਏ ਹਨ’। ਉਨ੍ਹਾਂ ਭਾਜਪਾ ਸਰਕਾਰ ਦੇ ਇਰਾਦਿਆਂ ਉਤੇ ਵੀ ਸਵਾਲ ਖੜ੍ਹੇ ਕੀਤੇ। ਅਧੀਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੰਭੀਰ ਮੁੱਦਾ ਹੈ ਤੇ ਇਸ ਨੂੰ ਉਠਾਇਆ ਜਾਵੇਗਾ। ਚੌਧਰੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਇਹ ਸ਼ਬਦ ਸੰਵਿਧਾਨ ਵਿਚ 1976 ਵਿਚ ਜੋੜੇ ਗਏ ਸਨ। ਉਨ੍ਹਾਂ ਕਿਹਾ, ‘ਮੇਰੇ ਲਈ ਇਹ ਗੰਭੀਰ ਮੁੱਦਾ ਹੈ। ਮੈਨੂੰ ਉਨ੍ਹਾਂ ਦੇ ਇਰਾਦਿਆਂ ਉਤੇ ਸ਼ੱਕ ਹੈ, ਉਨ੍ਹਾਂ ਦਾ ਦਿਲ ਸਾਫ਼ ਨਹੀਂ ਜਾਪਦਾ।’ ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਨੇ ਕਿਹਾ ਕਿ ਜੇਕਰ ਅੱਜ ਕੋਈ ਸੰਵਿਧਾਨ ਦੀ ਕਾਪੀ ਦਿੰਦਾ ਹੈ ਤਾਂ ਇਸ ਵਿਚ ਅੱਜ ਸੰਵਿਧਾਨ ਦਾ ਵਰਤਮਾਨ ਰੂਪ ਹੀ ਹੋਣਾ ਚਾਹੀਦਾ ਹੈ। ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸਰਕਾਰ ਕਦੇ ਵੀ ਇਨ੍ਹਾਂ ਸ਼ਬਦਾਂ ਨੂੰ ਹਟਾਉਣ ਦਾ ਯਤਨ ਕਰੇਗੀ। ਸੀਪੀਆਈ ਦੇ ਬਿਨੋਏ ਵਿਸਵਮ ਨੇ ਇਹ ਸ਼ਬਦ ਮੌਜੂਦ ਨਾ ਹੋਣ ਨੂੰ ‘ਅਪਰਾਧ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹਾ ਸੰਵਿਧਾਨਕ ਸੋਧ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਤੇ ਸਰਕਾਰ ਲਈ ਅਜਿਹਾ ਕਰਨਾ ਸਹੀ ਨਹੀਂ ਹੋਵੇਗਾ। ਟੀਐਮਸੀ ਮੈਂਬਰ ਡੋਲਾ ਸੇਨ ਨੇ ਕਿਹਾ ਕਿ ਸੰਵਿਧਾਨ ਕਈ ਵਾਰ ਸੋਧਿਆ ਗਿਆ ਹੈ ਤੇ ਜੇ ਹੁਣ ਇਸ ਦੀ ਕਾਪੀ ਦੇਣੀ ਹੋਵੇ ਤਾਂ ਜ਼ਾਹਿਰ ਹੈ ਕਿ ਇਸ ਵਿਚ ਹੁਣ ਤੱਕ ਹੋਈਆਂ ਸਾਰੀਆਂ ਸੋਧਾਂ ਨਜ਼ਰ ਆਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੁੱਦਾ ਉਹ ਸਦਨ ਵਿਚ ਚੁੱਕਣਗੇ। ਸੇਨ ਨੇ ਕਿਹਾ ਕਿ ਭਾਜਪਾ ਹੁਣ ਕਹਿ ਰਹੀ ਹੈ ਕਿ ਇਹ ਸੰਵਿਧਾਨ ਦੀ ਪ੍ਰਸਤਾਵਨਾ ਦੀ ਮੂਲ ਕਾਪੀ ਹੈ ਤੇ ਹੁਣ ਵਾਲਾ ਰੂਪ ਨਹੀਂ ਹੈ, ਜੇ ਅਜਿਹਾ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਸੰਸਦ ਮੈਂਬਰਾਂ ਨੂੰ ਦਿੱਤੀ ਗਈ ਕਾਪੀ ਉਤੇ ਲਿਖਣਾ ਚਾਹੀਦਾ ਸੀ। ਕਾਂਗਰਸ ਸੰਸਦ ਮੈਂਬਰ ਤੇ ਰਾਜ ਸਭਾ ਵਿਚ ਡਿਪਟੀ ਆਗੂ ਪ੍ਰਮੋਦ ਤਿਵਾੜੀ ਨੇ ਵੀ ਸੰਵਿਧਾਨ ਦੀ ਕਾਪੀ ਵਿਚੋਂ ਸ਼ਬਦ ‘ਹਟਾਉਣ’ ਉਤੇ ਇਤਰਾਜ਼ ਜਤਾਇਆ ਤੇ ਕਿਹਾ ਕਿ ਉਹ ਉਪਰਲੇ ਸਦਨ ਵਿਚ ਇਸ ‘ਗੰਭੀਰ’ ਮੁੱਦੇ ਨੂੰ ਚੁੱਕਣਗੇ। ਇਸੇ ਦੌਰਾਨ ਐੱਨਸੀਪੀ ਨੇ ਕਿਹਾ ਕਿ ਇਨ੍ਹਾਂ ਸ਼ਬਦਾਂ ਦਾ ਪ੍ਰਸਤਾਵਨਾ ਦੀ ਕਾਪੀ ਵਿਚ ਮੌਜੂਦ ਨਾ ਹੋਣਾ ਸੱਤਾਧਾਰੀ ਭਾਜਪਾ ਦੀ ‘ਪੱਖਪਾਤੀ ਮਾਨਸਿਕਤਾ’ ਨੂੰ ਦਰਸਾਉਂਦਾ ਹੈ। ਪਾਰਟੀ ਦੇ ਬੁਲਾਰੇ ਕਲਾਈਡ ਕਰਾਸਟੋ ਨੇ ਕਿਹਾ ਕਿ ਭਾਜਪਾ ਨੂੰ ਆਪਣੇ ਬੇਤੁਕੇ ਜਵਾਬਾਂ ਨਾਲ ਭਾਰਤ ਦੇ ਲੋਕਾਂ ਨੂੰ ਮੂਰਖ ਬਣਾਉਣਾ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਲੋਕ ਜਾਣਦੇ ਹਨ ਕਿ ਉਹ (ਭਾਜਪਾ) ਕੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।