ਮੁੰਬਈ,
ਬੌਲੀਵੁੱਡ ਅਦਾਕਾਰ-ਸਿਆਸਤਦਾਨ ਸੰਨੀ ਦਿਓਲ ਦਾ ਛੋਟਾ ਪੁੱਤਰ ਰਾਜਵੀਰ ਦਿਓਲ ਵੀ ਫ਼ਿਲਮਸਾਜ਼ ਸੂਰਜ ਆਰ. ਬੜਜਾਤੀਆ ਦੇ ਪ੍ਰੋਡਕਸ਼ਨ ਬੈਨਰ ਹੇਠ ਸਿਨੇ ਜਗਤ ਵਿੱਚ ਪੈਰ ਧਰਨ ਜਾ ਰਿਹਾ ਹੈ। ਇਸ ਦਾ ਐਲਾਨ ਅੱਜ ਫ਼ਿਲਮ ਨਿਰਮਾਤਾਵਾਂ ਨੇ ਕੀਤਾ ਹੈ। ਇਸ ਫ਼ਿਲਮ ਰਾਹੀਂ ਸੂਰਜ ਬੜਜਾਤੀਆ ਦਾ ਪੁੱਤਰ ਅਵਿਨੀਸ਼ ਵੀ ਲੇਖਕ ਤੇ ਨਿਰਦੇਸ਼ਕ ਵਜੋਂ ਬੌਲੀਵੁੱਡ ਵਿੱਚ ਦਾਖ਼ਲ ਹੋ ਰਿਹਾ ਹੈ। ਇਹ ਰਾਜਸ਼੍ਰੀ ਪ੍ਰੋਡਕਸ਼ਨ ਦੀ 59ਵੀਂ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਸੰਨੀ ਦਿਓਲ ਆਪਣੇ ਨਿਰਦੇਸ਼ਨ ਵਾਲੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਰਾਹੀਂ ਆਪਣੇ ਵੱਡੇ ਪੁੱਤਰ ਕਰਨ ਨੂੰ ਬੌਲੀਵੁੱਡ ਵਿੱਚ ਲੈ ਕੇ ਆਇਆ ਸੀ। ਜਾਣਕਾਰੀ ਅਨੁਸਾਰ ਰਾਜਵੀਰ ਨੇ ਯੂ.ਕੇ. ਵਿੱਚ ਥੀਏਟਰ ਦੀ ਪੜ੍ਹਾਈ ਕੀਤੀ ਹੈ ਅਤੇ ਉਹ ਸਹਾਇਕ ਡਾਇਰੈਕਟਰ ਵਜੋਂ ਕੰਮ ਕਰ ਚੁੱਕਿਆ ਹੈ। ਉਸ ਨੇ ਮਸ਼ਹੂਰ ਫ਼ਿਲਮ ‘ਮੁਗਲ-ਏ-ਆਜ਼ਮ’ ਅਤੇ ‘ਤੁਮਹਾਰੀ ਅੰਮ੍ਰਿਤਾ’ ਦੇ ਡਾਇਰੈਕਟਰ ਫਿਰੋਜ਼ ਅੱਬਾਸ ਖ਼ਾਨ ਦੀ ਨਿਗਰਾਨੀ ਹੇਠ ਸਿਖਲਾਈ ਲਈ ਹੈ।