ਸੰਗਰੂਰ, 08 ਜੂਨ: ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਨਾਲ ਵੀਡੀਓ ਕਾਨਫਰੰਸਿੰਗ ਦੌਰਾਨ ਜਿ਼ਲ੍ਹਾ ਮੈਜਿਸਟਰੇਟ ਸ਼੍ਰੀ ਘਨਸਿ਼ਆਮ ਥੋਰੀ ਅਤੇ ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਜਿ਼ਲ੍ਹਾ ਸੰਗਰੂਰ ਵਿੱਚ ਕਿਸੇ ਵੀ ਕਿਸਮ ਦੀ ਨਸ਼ਾ ਤਸਕਰੀ ਨੂੰ ਸਖ਼ਤੀ ਨਾਲ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ, ਨਸ਼ਾ ਸਪਲਾਈ ਕਰਨ ਵਾਲਿਆਂ ਅਤੇ ਨਜਾਇਜ਼ ਸ਼ਰਾਬ ਕੱਢਣ ਵਾਲਿਆਂ ਨੂੰ ਮੁਕੰਮਲ ਠੱਲ ਪਾਉਣ ਲਈ ਤੁਰੰਤ ਪੂਰੀ ਮੁਸਤੈਦੀ ਨਾਲ ਕਦਮ ਪੁੱਟੇ ਜਾ ਰਹੇ ਹਨ ਅਤੇ ਆਬਕਾਰੀ ਐਕਟ ਅਧੀਨ ਹੁਣ ਤੱਕ 80 ਮਾਮਲੇ ਦਰਜ ਕੀਤੇ ਗਏ ਹਨ ਤੇ 89 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਸਮੇਤ ਵੀਡੀਓ ਕਾਨਫਰੰਸ ਵਿੱਚ ਹਿੱਸਾ ਲੈਂਦਿਆਂ ਜਿ਼ਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਬੀਤੇ ਐਤਵਾਰ ਨੂੰ 91.89 ਲੱਖ ਰੁਪਏ ਦੀ ਸ਼ਰਾਬ ਦੀ ਵਿਕਰੀ ਹੋਈ ਜੋ ਕਿ ਪਿਛਲੇ ਸਾਲ ਇਸੇ ਦਿਨ ਨੂੰ ਹੋਈ ਵਿਕਰੀ ਨਾਲੋਂ 132.08 ਫ਼ੀਸਦੀ ਵੱਧ ਹੈ।ਵੀਡੀਓ ਕਾਨਫਰੰਸ ਦੌਰਾਨ ਏ.ਡੀ.ਜੀ.ਪੀ ਲਾਅ ਵੱਲੋਂ ਅਮਨ ਤੇ ਕਾਨੂੰਨ ਵਿਵਸਥਾ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।

ਸ੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਆਬਕਾਰੀ ਐਕਟ ਅਧੀਨ ਜ਼ਿਲ੍ਹੇ ਦੇ ਵੱਖ—ਵੱਖ ਥਾਣਿਆਂ ਵਿਚ ਕੁੱਲ 80 ਮਾਮਲੇ ਦਰਜ ਕੀਤੇ ਗਏ ਹਨ, ਜਿਨਾਂ ਵਿਚ ਹੁਣ ਤੱਕ 89 ਮੁਲਜ਼ਮਾਂ ਨੂੰ ਗਿਫ੍ਰਤਾਰ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ 2929.125 ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ। ਸ੍ਰੀ ਥੋਰੀ ਨੇ ਕਿਹਾ ਕਿ ਅਹਿਮਦਗੜ੍ਹ ਡਵੀਜ਼ਨ ਵਿਖੇ 5, ਭਵਾਨੀਗੜ੍ਹ ਵਿਖੇ 7, ਮਾਲੇਰਕੋਟਲਾ ਵਿਖੇ 5, ਧੂਰੀ ਵਿਖੇ 13, ਸੰਗਰੂਰ ਵਿਖੇ 19, ਦਿੜਬਾ ਵਿਖੇ 5, ਲਹਿਰਾ ਵਿਖੇ 7, ਮੂਨਕ ਵਿਖੇ 7 ਤੇ ਸੁਨਾਮ ਡਵੀਜ਼ਨ ਵਿਖੇ 12 ਮਾਮਲੇ ਦਰਜ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਸੀ.ਆਰ.ਪੀ.ਐਫ਼. ਦੀ ਧਾਰਾ 110 ਅਧੀਨ ਹੁਣ ਤੱਕ ਕੁੱਲ 186 ਕੁਲੰਦਰ ਕੱਟੇ ਗਏ ਹਨ ਤੇ 2 ਲੱਖ ਤੱਕ ਦੇ 156 ਜ਼ਮਾਨਤੀ ਬਾਂਡ ਭਰਵਾਏ ਗਏ। ਉਨ੍ਹਾਂ ਕਿਹਾ ਕਿ ਹੁਣ ਤੱਕ ਰਾਈਸ ਸ਼ੈਲਰ, ਗੁਦਾਮ, ਮੈਰਿਜ਼ ਪੈਲੇਸ ਆਦਿ 503 ਥਾਵਾਂ ‘ਤੇ ਚੈਕਿੰਗ ਵੀ ਕੀਤੀ ਗਈ ਹੈ।

ਸ਼੍ਰੀ ਥੋਰੀ ਨੇ ਕਿਹਾ ਕਿ ਐਤਵਾਰ ਨੂੰ 91.89 ਲੱਖ ਰੁਪਏ ਦੀ ਸ਼ਰਾਬ ਦੀ ਵਿਕਰੀ ਹੋਈ ਜੋ ਕਿ ਪਿਛਲੇ ਸਾਲ ਇਸੇ ਦਿਨ ਨੂੰ ਹੋਈ ਸ਼ਰਾਬ ਦੀ ਵਿਕਰੀ ਨਾਲੋਂ 132.08 ਫ਼ੀ ਸਦੀ ਵੱਧ ਹੈ।ਉਨ੍ਹਾਂ ਦੱਸਿਆ ਕਿ ਜਿ਼ਲ੍ਹੇ ਵਿਚ ਸ਼ਨੀਵਾਰ ਨੂੰ ਵੀ 91.42  ਲੱਖ ਰੁਪਏ ਦੀ ਸ਼ਰਾਬ ਦੀ ਵਿਕਰੀ ਹੋਈ ਸੀ।ਜਿ਼ਲ੍ਹਾ ਮੈਜਿਸਟ੍ਰੇਟ ਨੇ ਨਜ਼ਾਇਜ਼ ਸ਼ਰਾਬ ਦੀ ਤਸਕਰੀ ਰੋਕਣ ਲਈ ਵਟਸਐਪ ਹੈਲਪਲਾਈਨ ਨੰਬਰ 9592430781 ਜਾਰੀ ਕਰਦਿਆਂ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿ਼ਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਸਾਰੇ ਨਾਗਰਿਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ ਅਤੇ ਇਸ ਨੰਬਰ ਤੇ ਪ੍ਰਾਪਤ ਹੋਣ ਵਾਲੀ ਕਿਸੇ ਵੀ ਸੂਚਨਾ ਨੂੰ ਪੂਰੀ ਤਰ੍ਹਾਂ ਗੁਪਤ ਰੱਖਦਿਆਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਉਨ੍ਹਾਂ ਕਿਹਾ ਕਿ ਅੰਤਰ ਰਾਜੀ ਹੱਦਾਂ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਵੰਡ ਤੋਂ ਪਹਿਲਾਂ ਰੋਕਿਆ ਜਾਣਾ ਜ਼ਰੂਰੀ ਹੈ ਅਤੇ ਇਸ ਲਈ ਪਿੰਡ ਪੱਧਰ ਤੇ ਚੌਕਸੀ ਵਧਾਏ ਜਾਣ ਦੀ ਜ਼ਰੂਰਤ ਹੈ।