ਸੰਗਰੂਰ, 22 ਜੂਨ
ਸੰਗਰੂਰ ਲੋਕ ਸਭਾ ਹਲਕਾ-12 ਦੀ ਭਲਕੇ 23 ਜੂਨ ਨੂੰ ਹੋ ਰਹੀ ਉਪ ਚੋਣ ਲਈ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੱਜ ਪੋਲਿੰਗ ਪਾਰਟੀਆਂ ਆਪੋ ਆਪਣੇ ਸਟੇਸ਼ਨਾਂ ਲਈ ਚੋਣ ਸਮੱਗਰੀ ਸਮੇਤ ਰਵਾਨਾ ਹੋ ਗਈਆਂ ਹਨ। ਲੋਕ ਸਭਾ ਹਲਕੇ ਵਿਚ ਕੁੱਲ 1766 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿੰਨ੍ਹਾਂ ’ਚੋ 296 ਸਟੇਸ਼ਨਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਲੋਕ ਸਭਾ ਹਲਕੇ ਵਿਚ 15,69,240 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਹਲਕੇ ਵਿਚ 7540 ਸਰਵਿਸ ਵੋਟਰ ਹਨ, ਜਦ ਕਿ 987 ਐਬਸੈਂਟੀ ਵੋਟਰ ਹਨ, ਜਿਨ੍ਹਾਂ ਵਿਚੋਂ 80 ਸਾਲ ਦੀ ਉਮਰ ਤੋਂ ਵੱਧ ਵਾਲੇ 730 ਵੋਟਰ। ਜਦ ਕਿ 257 ਦਿਵਿਆਂਗ ਵੋਟਰ ਸ਼ਾਮਲ ਹਨ।
ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਹਰ ਪੋਲਿੰਗ ਸਟੇਸ਼ਨ ’ਤੇ ਦੋ ਬੈਲਟ ਯੂਨਿਟ, ਇੱਕ ਕਾਊਂਟਿੰਗ ਯੂਨਿਟ ਤੇ ਇਕ ਵੀਵੀਪੈੱਟ ਮੌਜੂਦ ਰਹੇਗੀ। ਈਵੀਐੱਮ ਦੀ ਢੋਆ ਢੁਆਈ ਸਿਰਫ ਜੀਪੀਐੱਸ ਵਾਹਨਾਂ ਰਾਹੀਂ ਹੀ ਕੀਤੀ ਜਾਵੇਗੀ ਪੋਲਿੰਗ ਪਾਰਟੀਆਂ ਦਾ ਰਿਪੋਰਟਿੰਗ ਸਮਾਂ 23 ਜੂਨ ਨੂੰ ਸਵੇਰੇ 7 ਵਜੇ ਦਾ ਹੈ ਤੇ ਪੋਲਿੰਗ ਪਾਰਟੀਆਂ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋ ਗਈਆਂ ਹਨ। ਜ਼ਿਲੇ ਦੇ 76 ਪੋਲਿੰਗ ਸਟੇਸ਼ਨ ’ਤੇ ਮਾਈਕ੍ਰੋ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ ਦੀ ਲਾਈਵ ਵੈੱਬਕਾਸਟਿੰਗ ਕੀਤੀ ਜਾਵੇਗੀ। ਚੋਣ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਣ ਲਈ 7064 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੋਣ ਅਮਲੇ ਵਜੋਂ ਤਾਇਨਾਤ ਕੀਤਾ ਗਿਆ ਹੈ, ਜਦਕਿ 1413 ਚੋਣ ਅਮਲੇ ਨੂੰ ਰਿਜ਼ਰਵ ਰੱਖਿਆ ਗਿਆ ਹੈ। ਬਰਨਾਲਾ ਜ਼ਿਲ੍ਹੇ ਨਾਲ ਸਬੰਧਤ 3 ਹਲਕਿਆਂ ਵਿੱਚ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਲਈ ਬਰਨਾਲਾ ਵਿਖੇ ਹੀ ਗਿਣਤੀ ਕੇਂਦਰ ਸਥਾਪਤ ਕੀਤਾ ਗਿਆ ਹੈ, ਜਦਕਿ ਜ਼ਿਲ੍ਹਾ ਸੰਗਰੂਰ ਦੇ 5 ਹਲਕਿਆਂ ਤੇ ਮਾਲੇਰ ਕੋਟਲਾ ਜ਼ਿਲੇ ਦੇ ਇਕ ਹਲਕੇ ਦੀ ਗਿਣਤੀ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਸਥਾਪਤ ਗਿਣਤੀ ਕੇਂਦਰਾਂ ਵਿਖੇ ਹੋਵੇਗੀ।