ਸੰਗਰੂਰ, 16 ਜੁਲਾਈ

ਇਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਕਰੀਬ ਡੇਢ ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਅਤੇ ਦੋ ਦਿਨਾਂ ਤੋਂ ਮਰਨ ਵਰਤ ਉਤੇ ਬੈਠੇ ਪੰਜਾਬ ਪੁਲੀਸ ਭਰਤੀ ਉਮੀਦਵਾਰਾਂ ਵਿਚੋਂ ਦੋ ਵੱਲੋਂ ਬੀਤੀ ਰਾਤ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕੱਲ੍ਹ ਹੀ ਮਰਨ ਵਰਤ ਉਤੇ ਬੈਠੇ 11 ਉਮੀਦਵਾਰਾਂ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ 16 ਜੁਲਾਈ ਦੁਪਿਹਰ 12 ਵਜੇ ਤੱਕ ਨੌਕਰੀ ’ਤੇ ਨਿਯੁਕਤ ਨਾ ਕੀਤਾ ਗਿਆ ਤਾਂ ਉਹ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਗੇ ਪਰ ਤੈਅ ਸਮੇਂ ਤੋਂ ਪਹਿਲਾਂ ਪਹਿਲਾਂ ਹੀ ਉਮੀਦਵਾਰਾਂ ਨੇ ਇਹ ਕਦਮ ਚੁੱਕ ਲਿਆ। ਪੰਜਾਬ ਪੁਲੀਸ ਭਰਤੀ ਉਮੀਦਵਾਰਾਂ ਦੇ ਆਗੂ ਜਗਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਗੁਰਦੀਪ ਸਿੰਘ ਨੇ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਸਾਹਮਣੇ ਖੇਤ ਵਿਚ ਪਹਿਲਾਂ ਮੋਟਰ ਦੀ ਤਾਰ ਨੂੰ ਹੱਥ ਲਾਇਆ ਪਰ ਬਿਜਲੀ ਨਹੀਂ ਸੀ ਫਿਰ ਪੱਗ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਤਾ ਲੱਗਣ ’ਤੇ ਸਾਥੀਆਂ ਵੱਲੋਂ ਉਸ ਨੂੰ ਰੋਕਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਗੁਰਜੀਤ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।