ਪਟਿਆਲਾ, 8 ਜੁਲਾਈ
ਸੰਗਰੂਰ ਦੇ ਸਿਵਲ ਸਰਜਨ ਨੂੰ ਕਰੋਨਾ ਹੋ ਗਿਆ ਹੈ। ਇਸੇ ਦੌਰਾਨ ਤੇਜ਼ ਬੁਖਾਰ ਅਤੇ ਕੁਝ ਹੋਰ ਲੱਛਣਾ ਕਾਰਨ ਉਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਸਥਿਤ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕਰ ਲਿਆ ਗਿਆ। ਇਥੇ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਹੋਇਆ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਟ ਡਾ. ਪਾਰਸ ਪਾਂਡਵ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਖੇਤਰ ਦੇ ਜ਼ਿਲ੍ਹਿਆਂ ਵਿੱਚੋਂ ਪਾਜ਼ੇਟਿਵ ਨਿਕਲੇ ਇਹ ਪਹਿਲੇ ਸਿਵਲ ਸਰਜਨ ਹਨ।
ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਮਹਿਲਾ ਮੁਲਾਜ਼ਮ ਜੋਗਿੰਦਰ ਕੌਰ, ਜਿਹੜੀ ਉਸਾਰੀ ਵਿਭਾਗ ਵਿੱਚ ਸੁਪਰਡੈਂਟ ਹੈ ਨੂੰ ਕਰੋਨਾ ਹੋ ਗਿਆ ਹੈ। ਇਸ ਕਾਰਨ ਯੂਨੀਵਰਸਿਟੀ ਕੈਂਪਸ ਵਿੱਚ ਮੁਲਾਜ਼ਮ ਖੌਫਜ਼ਦਾ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਉਸਾਰੀ ਵਿਭਾਗ ਨੂੰ ਅਗਲੇ ਦੋ ਦਿਨਾਂ ਲਈ ਬੰਦ ਕਰ ਦਿੱਤਾ ਹੈ ਫਿਰ ਵੀ ਮੁਲਾਜ਼ਮਾਂ ਦੀ ਮੰਗ ਹੈ ਕਿ ਯੂਨੀਵਰਸਿਟੀ ’ਚ ਮੁਲਾਜ਼ਮਾਂ ਦੀ ਹਾਜ਼ਰੀ ਵੱਧ ਤੋਂ ਵੱਧ ਪੰਜਾਹ ਫੀਸਦੀ ਤੱਕ ਹੀ ਰੱਖੀ ਜਾਵੇ ਤੇ ਸੌ ਫ਼ੀਸਦੀ ਮੁਲਾਜ਼ਮਾਂ ਦੀ ਹਾਜ਼ਰੀ ਦਾ ਫ਼ੈਸਲਾ ਤੁਰੰਤ ਵਾਪਸ ਲਿਆ ਜਾਵੇ। ਇਸ ਮੰਗ ਲਈ ਪੰਜਾਬੀ ਯੂਨਵਰਸਿਟੀ ਨਾਨ ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਸਵੇਰੇ ਵਰਦੇ ਮੀਂਹ ’ਚ ਕਾਫ਼ੀ ਗਿਣਤੀ ਮੁਲਾਜ਼ਮਾਂ ਨੇ ਵੀਸੀ ਦੀ ਕੈਂਪਸ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ। ਅਜਿਹੇ ਦੌਰਾਨ ਡੀਨ ਅਕਾਦਮਿਕ ਡਾਕਟਰ ਜੀਐੱਸ ਬੱਤਰਾ ਨੇ ਧਰਨਾਕਾਰੀ ਮੁਲਾਜ਼ਮਾਂ ਨੂੰ ਇਸ ਮਾਮਲੇ ਉੱਤੇ ਜਲਦੀ ਹੀ ਕੋਈ ਫ਼ੈਸਲਾ ਕੀਤੇ ਜਾਣ ਦਾ ਭਰੋਸਾ ਦਿਵਾਏ ਜਾਣ ਮਗਰੋਂ ਮੁਲਾਜ਼ਮਾਂ ਨੇ ਧਰਨਾ ਚੁੱਕ ਲਿਆ।