ਸੰਗਰੂਰ, 14 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੰਗਰੂਰ ਫੇਰੀ ਦੌਰਾਨ ਅੱਜ ਪਿੰਡ ਦੇਹ ਕਲਾਂ ਅਤੇ ਘਾਬਦਾਂ ਵਿਖੇ ਰੈਲੀਆਂ ਦੌਰਾਨ ਟੈੱਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਅਤੇ ਟੈੱਟ ਪਾਸ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵਲੋਂ ਮੁੱਖ ਮੰਤਰੀ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਦੀ ਪੁਲੀਸ ਨਾਲ ਧੱਕਾ-ਮੁੱਕੀ ਵੀ ਹੋਈ, ਜਿਸ ਦੌਰਾਨ ਇੱਕ-ਦੋ ਬੇਰੁਜ਼ਗਾਰ ਅਧਿਆਪਕਾਂ ਦੀਆਂ ਪੱਗਾਂ ਵੀ ਲੱਥ ਗਈਆਂ। ਪੁਲੀਸ ਨੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਅਨੇਕਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਜਿਸ ਵਿਚ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਵੀ ਸ਼ਾਮਲ ਹਨ।
ਪਿੰਡ ਦੇਹ ਕਲਾਂ ਵਿਖੇ ਸੀਮਿੰਟ ਫੈਕਟਰੀ ਦਾ ਨੀਂਹ ਪੱਥਰ ਰੱਖਣ ਮੌਕੇ ਕੀਤੀ ਰੈਲੀ ਦੌਰਾਨ ਬੇਰੁਜ਼ਗਾਰ ਬੀਐਡ ਅਧਿਆਪਕ ਪੁਲੀਸ ਨੂੰ ਚਕਮਾ ਦੇ ਕੇ ਪੰਡਾਲ ਵਿਚ ਦਾਖਲ ਹੋ ਗਏ। ਭਿਣਕ ਪੈਂਦਿਆਂ ਹੀ ਪੁਲੀਸ ਵਲੋਂ ਪੰੰਡਾਲ ’ਚ ਬੈਠੇ ਲੋਕਾਂ ਵਲੋਂ ਪ੍ਰਦਰਸ਼ਨਕਾਰੀਆਂ ਦੀ ਪਛਾਣ ਸ਼ੁਰੂ ਕਰ ਦਿੱਤੀ। ਖੁਦ ਐੱਸਐੱਸਪੀ ਸਵਪਨ ਸ਼ਰਮਾ ਪੰਡਾਲ ’ਚ ਬੈਠੇ ਪ੍ਰਦਰਸ਼ਨਕਾਰੀਆਂ ਦੀ ਪਛਾਣ ਕਰਨ ਲਈ ਪੁਲੀਸ ਪਾਰਟੀ ਦੀ ਅਗਵਾਈ ਕਰ ਰਹੇ ਸਨ। ਕਈ ਪ੍ਰਦਰਸ਼ਨਕਾਰੀ ਮੁੰਡੇ-ਕੁੜੀਆਂ ਦੀ ਪਛਾਣ ਕਰਦਿਆਂ ਹਿਰਾਸਤ ਵਿਚ ਲੈ ਲਿਆ ਗਿਆ ਜਿਨ੍ਹਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵੀ ਕਈ ਪ੍ਰਦਰਸ਼ਨਕਾਰੀ ਪੰਡਾਲ ਵਿਚ ਡਟੇ ਰਹੇ। ਜਿਉਂ ਹੀ ਮੁੱਖ ਮੰਤਰੀ ਨੇ ਭਾਸ਼ਣ ਸ਼ੁਰੂ ਕੀਤਾ ਤਾਂ ਦੋ ਬੇਰੁਜ਼ਗਾਰ ਅਧਿਆਪਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲੀਸ ਨੇ ਇੱਕ ਬੇਰੁਜ਼ਗਾਰ ਅਧਿਆਪਕ ਨੂੰ ਕਾਬੂ ਕਰ ਲਿਆ, ਜਦੋਂ ਉਸਨੂੰ ਜਬਰੀ ਘਸੀਟ ਕੇ ਪੰਡਾਲ ’ਚੋਂ ਬਾਹਰ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਖਿੱਚ-ਧੂਹ ਦੌਰਾਨ ਉਸ ਦੀ ਪੱਗ ਲੱਥ ਗਈ। ਬੇਰੁਜ਼ਗਾਰ ਅਧਿਆਪਕ ਪੰਡਾਲ ’ਚ ਹੀ ਹੇਠਾਂ ਡਿੱਗ ਪਿਆ ਜਿਸ ਦੌਰਾਨ ਵੀ ਪੁਲੀਸ ਮੁਲਾਜ਼ਮ ਨਾਅਰਿਆਂ ਦੀ ਅਵਾਜ਼ ਦਬਾਉਣ ਦਾ ਯਤਨ ਕਰਦਾ ਰਿਹਾ। ਬੇਰੁਜ਼ਗਾਰ ਅਧਿਆਪਕ ਦੀ ਪੱਗ ਜੋ ਪੰਡਾਲ ਵਿਚ ਹੀ ਜ਼ਮੀਨ ’ਤੇ ਡਿੱਗੀ ਰਹਿ ਗਈ ਸੀ ਮੀਡੀਆ ਕਰਮੀ ਨੇ ਸੰਭਾਲਦਿਆਂ ਬੱਸ ’ਚ ਬੈਠੇ ਬੇਰੁਜ਼ਗਾਰ ਅਧਿਆਪਕ ਨੂੰ ਸੌਂਪੀ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਬੇਰੁਜ਼ਗਾਰ ਅਧਿਆਪਕਾਂ ਕੁਲਵੰਤ ਲੌਂਗੋਵਾਲ, ਗੁਰਪ੍ਰੀਤ ਸਿੰਘ ਖੇੜੀ, ਸੁਖਦੇਵ ਸਿੰਘ ਨੰਗਲ, ਅਲਕਾ ਰਾਣੀ, ਤਾਹਿਰਾ, ਰਾਜਬੀਰ ਕੌਰ, ਪ੍ਰੀਤਇੰਦਰ ਕੌਰ, ਸਮਨ ਗੁਆਰਾ, ਰਾਜਬੀਰ ਸਿੰਘ, ਮਨਵੀਰ ਕੌਰ ਬੱਲਰਾ, ਗੁਰਜੰਟ ਸਿੰਘ, ਨਿੱਕਾ ਸਿੰਘ ਛੰਨਾਂ ਅਤੇ ਪਰਮਜੀਤ ਕੌਰ ਨੂੰ ਹਿਰਾਸਤ ਵਿਚ ਲੈ ਸੀਆਈਏ ਸਟਾਫ਼ ਵਿਚ ਬੰਦ ਕਰ ਦਿੱਤਾ ਹੈ। ਇਸ ਮਗਰੋਂ ਘਾਬਦਾਂ ਪੁੱਜੇ ਮੁੱਖ ਮੰਤਰੀ ਦੇ ਕਾਫ਼ਲੇ ਦਾ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵਲੋਂ ਪੀਜੀਆਈ ਹਸਪਤਾਲ ਨੇੜੇ ਨੈਸ਼ਨਲ ਹਾਈਵੇਅ ਉਪਰ ਵਿਰੋਧ ਕੀਤਾ ਗਿਆ ਅਤੇ ਕਾਫ਼ਲਾ ਰੋਕਣ ਦਾ ਯਤਨ ਕੀਤਾ ਗਿਆ। ਇਸ ਦੌਰਾਨ ਵੀ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨਾਲ ਖਿੱਚ-ਧੂਹ ਹੋਈ। ਰੈਲੀ ਦੌਰਾਨ ਵੀ ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਜਿਨ੍ਹਾਂ ਨੂੰ ਪੁਲੀਸ ਨੇ ਜਬਰੀ ਹਿਰਾਸਤ ਵਿਚ ਲਿਆ ਗਿਆ। ਯੂਨੀਅਨ ਦੇ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਪੁਲੀਸ ਵਲੋਂ ਸੁਖਚੈਨ ਪਟਿਆਲਾ, ਮਨੀ ਸੰਗਰੂਰ, ਸੁਰਜੀਤ ਢੱਡਰੀਆਂ, ਰਣਜੀਤ , ਕੁਲਵਿੰਦਰ ਭੱਟੀ, ਅਤੇ ਪਰਗਟ ਬੋਹਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ।