ਸੰਗਰੂਰ, 2 ਦਸੰਬਰ
ਆਪਣੀਆਂ ਸੇਵਾਵਾਂ ਰੈਗੂਲਰ ਕਰਾਉਣ ਲਈ ਬੇਮਿਆਦੀ ਹੜਤਾਲ ’ਤੇ ਚੱਲ ਰਹੇ ਸਿਹਤ ਵਿਭਾਗ ਦੇ ਐੱਨਐੱਚਐੱਮ ਮੁਲਾਜ਼ਮਾਂ ਵਲੋਂ ਕਰੋਨਾ ਮਹਾਮਾਰੀ ਦੌਰਾਨ ਮਿਲੇ ਕੋਵਿਡ ਵਾਰੀਅਰ ਐਵਾਰਡ ਰੋਸ ਵਜੋਂ ਪੰਜਾਬ ਸਰਕਾਰ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਹੜਤਾਲੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ’ਤੇ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਨ ਦਾ ਦੋਸ਼ ਲਾਉਂਦਿਆਂ ਸਰਕਾਰ ਦੀ ਤਨਖਾਹਾਂ ਵਿਚ ਨਿਗੂਣਾ ਵਾਧਾ ਕਰਨ ਦੀ ਤਜਵੀਜ਼ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ।
ਸਿਹਤ ਸੇਵਾਵਾਂ ਦਾ ਮੁਕੰਮਲ ਬਾਈਕਾਟ ਕਰਕੇ ਪਿਛਲੇ ਕਰੀਬ 17 ਦਿਨਾਂ ਤੋਂ ਬੇਮਿਆਦੀ ਹੜਤਾਲ ’ਤੇ ਚੱਲ ਰਹੇ ਮੁਲਾਜ਼ਮਾਂ ਵਲੋਂ ਸਿਵਲ ਹਸਪਤਾਲ ਵਿਚ ਸਰਕਾਰ ਖ਼ਿਲਾਫ਼ ਧਰਨਾ ਤੇ ਪ੍ਰਦਰਸ਼ਨ ਜਾਰੀ ਰਿਹਾ। ਇਸ ਦੌਰਾਨ ਯੂਨੀਅਨ ਦੇ ਬਲਾਕ ਪ੍ਰਧਾਨ ਡਾ. ਰਜਨੀਸ਼ ਗਰਗ ਅਤੇ ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਐੱਨਐੱਚਐੰਮ ਮੁਲਾਜ਼ਮ 16 ਨਵੰਬਰ ਤੋਂ ਸਿਹਤ ਸੇਵਾਵਾਂ ਕੰਮ ਕਰਕੇ ਮੁਕੰਮਲ ਬੇਮਿਆਦੀ ਹੜਤਾਲ ’ਤੇ ਹਨ ਪਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਚੁੱਪ ਵੱਟ ਰੱਖੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਕਰੀਬ ਪੰਦਰਾਂ-ਪੰਦਰਾਂ ਸਾਲਾਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਕਰੋਨਾ ਮਹਾਮਾਰੀ ਦੌਰਾਨ ਮੁਲਾਜ਼ਮਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ, ਜਿਸ ਦੌਰਾਨ ਸਰਕਾਰ ਵਲੋਂ ਬੇਹਤਰ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ‘‘ ਕੋਵਿਡ ਵਾਰੀਅਰ ਐਵਾਰਡ ’’ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਧਰਨੇ ਨੂੰ ‘ਆਪ ’ ਆਗੂ ਡਾ. ਗੁਨਿੰਦਰਜੀਤ ਸਿੰਘ ਜਵੰਧਾ, ਫਾਰਮੇਸੀ ਅਫ਼ਸਰ ਯੂਨੀਅਨ ਵਲੋਂ ਸੁਖਵਿੰਦਰ ਬਬਲਾ, ਸ੍ਰੀ ਅੰਮ੍ਰਿਤ ਗਰਗ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸ੍ਰੀ ਦੇਵੀ ਦਿਆਲ, ਪੰਜਾਬ ਸੁਬਾਰਡੀਨੇਟ ਸਰਵਿਸਿਜ ਯੂਨੀਅਨ ਦੇ ਆਗੂ ਮਾਲਵਿੰਦਰ ਸੰਧੂ, ਐਡਵੋਕੇਟ ਹਰਦੇਵ ਸਿੰਘ ਦੁੱਗਾਂ, ਰੈਗੂਲਰ ਲੈਬ ਤਕਨੀਸ਼ਨ ਐਸੋਸੀਏਸ਼ਨ ਦੇ ਸ੍ਰੀ ਮੋਹਨ ਲਾਲ, ਗੁਰਦੀਪ ਸਿੰਘ ਨੇ ਸੰਬੋਧਨ ਕੀਤਾ।