ਫ਼ਤਹਿਗੜ੍ਹ ਸਾਹਿਬ, 2 ਜੁਲਾਈ
ਜ਼ਿਲ੍ਹੇ ਦੇ ਪਿੰਡ ਸੰਗਤਪੁਰ ਸੋਢੀਆਂ ਦੀ ਬਹੁਮੰਤਵੀ ਸਹਿਕਾਰੀ ਸਭਾ ਵਿੱਚ ਰਾਜ ਦਾ ਪਹਿਲਾ ਕੰਜ਼ਿਊਮਰ ਸਟੋਰ ਖੋਲ੍ਹਿਆ ਜਾਵੇਗਾ ਜਿੱਥੋਂ ਕਿਸਾਨਾਂ ਨੂੰ ਘਰੇਲੂ ਵਰਤੋਂ ਦੀਆਂ ਸਾਰੀਆਂ ਵਸਤਾਂ ਮੁਹੱਈਆ ਹੋਣਗੀਆਂ। ਇਹ ਜਾਣਕਾਰੀ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਡੀ.ਪੀ. ਰੈਡੀ, ਰਜਿਸਟਰਾਰ  ਡੀ.ਐਸ. ਮਾਂਗਟ ਮਿਲਕਫੈਡ ਦੇ ਐੱਮਡੀ ਮਨਜੀਤ ਸਿੰਘ ਬਰਾੜ ਤੇ ਸਹਿਕਾਰਤਾ ਵਿਭਾਗ ਦੇ ਨਾਲ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਸੰਗਤਪੁਰ ਸੋਢੀਆਂ, ਪਿੰਡ ਬਾਗ ਸਿੰਕਦਰ ਦੀ ਮਿਲਕ ਸੁਸਾਇਟੀ ਅਤੇ ਘਾਟੇ ਵਿੱਚ ਚੱਲ ਰਹੀ ਪਿੰਡ ਬਾਗੜੀਆਂ ਦੀ ਸਹਿਕਾਰੀ ਸਭਾ ਦਾ ਦੌਰਾ ਕਰਨ ਉਪਰੰਤ ਸੰਗਤਪੁਰ ਸੋਢੀਆਂ ਵਿੱਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਮੁਨਾਫੇ ਵਿੱਚ ਚੱਲ ਰਹੀਆਂ ਸਹਿਕਾਰੀ ਸਭਾਵਾਂ ਵਿੱਚ ਕੰਜ਼ਿਊਮਰ ਸਟੋਰ ਖੋਲ੍ਹਣ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਵੀ ਸੰਗਤਪੁਰ ਸੋਢੀਆਂ ਤੋਂ ਕੀਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਸੰਗਤਪੁਰ ਸੋਢੀਆਂ ਦੀ ਸਹਿਕਾਰੀ ਸਭਾ ਵਿੱਚ ਲੁਬਰੀਕੈਂਟ ਸੈਂਟਰ ਵੀ ਖੋਲ੍ਹਿਆ ਜਾਵੇਗਾ ਜਿੱਥੋਂ ਕਿ ਕਿਸਾਨਾਂ ਨੂੰ ਗਰੀਸ, ਮੋਬਾਇਲ ਤੇ ਹੋਰ ਵਸਤਾਂ 25 ਫੀਸਦੀ ਘੱਟ ਦਰ ’ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸੰਗਤਪੁਰ ਸੋਢੀਆਂ ਦੀ ਸਹਿਕਾਰੀ ਸਭਾ ਨੇ ਪਿਛਲੇ 8 ਸਾਲਾਂ ਦੌਰਾਨ ਮੈਂਬਰਾਂ ਨੂੰ 58 ਲੱਖ ਰੁਪਏ ਦਾ ਮੁਨਾਫਾ ਵੰਡਿਆ ਹੈ ਅਤੇ ਪਿਛਲੇ ਸਾਲ ਵਿੱਚ ਵੀ ਇਹ ਸੋਸਾਇਟੀ ਕਰੀਬ 26 ਲੱਖ ਰੁਪਏ ਦੇ ਮੁਨਾਫੇ ਵਿੱਚ ਰਹੀ ਹੈ ਜੋ ਕਿ ਛੇਤੀ ਹੀ ਸੋਸਾਇਟੀ ਮੈਂਬਰਾਂ ਨੂੰ ਵੰਡਿਆ ਜਾਵੇਗਾ। ਉਨ੍ਹਾਂ ਸੰਗਤਪੁਰ ਸੋਢੀਆਂ ਸਹਿਕਾਰੀ ਸਭਾ ਨੂੰ ਆਪਣੇ ਇਖ਼ਤਿਆਰੀ ਫੰਡ ਵਿੱਚੋਂ 1 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਅਤੇ ਬਾਗ ਸਿੰਕਦਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਕਲੱਬ ਨੂੰ 50 ਹਜ਼ਾਰ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਜਿਹੜੀਆਂ 6 ਜੇਲ੍ਹਾਂ ਵਿੱਚ ਰੱਖਿਆ ਗਿਆ ਹੈ ਉਨ੍ਹਾਂ ਜੇਲ੍ਹਾਂ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਵਿਧਾਇਕ ਕੁਲਜੀਤ ਨਾਗਰਾ ਨੇ ਐਲਾਨ ਕੀਤਾ ਕਿ ਪੰਚਾਇਤੀ ਚੋਣਾਂ ਵਿੱਚ ਫ਼ਤਹਿਗੜ੍ਹ ਸਾਹਿਬ ਦੇ ਜਿਹੜੇ ਪਿੰਡਾਂ ’ਚ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਜਾਵੇਗੀ ਉਨ੍ਹਾਂ ਨੂੰ 3 ਲੱਖ ਰੁਪਏ ਦੀ ਵਾਧੂ ਗ੍ਰਾਂਟ ਵਿਕਾਸ ਕਾਰਜਾਂ ਲਈ ਦਿੱਤੀ ਜਾਵੇਗੀ।

ਕਾਂਗਰਸੀਆਂ ਵੱਲੋਂ ਜੇਲ੍ਹ ਮੰਤਰੀ ਦਾ ਸਨਮਾਨ

ਫ਼ਤਹਿਗੜ੍ਹ ਸਾਹਿਬ : ਪਿੰਡ ਜਖਵਾਲੀ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਾਂਗਰਸੀ ਆਗੂ ਰਾਜਿੰਦਰ ਸਿੰਘ ਜਖਵਾਲੀ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜੇਲ੍ਹ ਮੰਤਰੀ ਦਾ ਸਿਰੋਪਾ ਪਾ ਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇਲ੍ਹ ਮੰਤਰੀ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀਆਂ ਨਲਾਇਕੀਆਂ ਕਿਸੇ ਤੋਂ ਵੀ ਲੁਕੀਆਂ ਨਹੀਂ ਰਹੀਆਂ। ਉਨ੍ਹਾਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ’ਤੇ ਲੱਗੇ ਜਬਰ ਜਨਾਹ ਦੇ ਦੋਸ਼ਾਂ ਦੀ ਨਿਖੇਧੀ ਕੀਤੀ।