ਚੰਡੀਗੜ੍ਹ/ਸੁਲਤਾਨਪੁਰ ਲੋਧੀ 11 ਨਵੰਬਰ 2019
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਕੀਤੇ ਗਏ ਪ੍ਰਬੰਧਾਂ ਨੂੰ ਭਰਵਾਂ ਹੁੰਗਾਰਾ ਉਦੋਂ ਮਿਲਿਆਂ ਜਦੋਂ ਸ਼ਰਧਾਲੂਆਂ ਦੀ ਸਹੂਲਤ ਲਈ ਬਣਾਏ ਗਏ ਸਾਰੇ ਟੈਂਟ ਸ਼ਹਿਰ ਅਪਣੀ ਸਮਰੱਥਾ ਅਨੁਸਾਰ ਪੂਰੀ ਤਰਾਂ ਭਰ ਗਏ।
ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਵੱਖ-ਵੱਖ ਸਮਾਗਮਾਂ ਮੌਕੇ ਸਿਜਦਾ ਕਰਨ ਲਈ ਆਉਣ ਵਾਲੀ ਸੰਗਤ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ 280 ਏਕੜ ਰਕਬੇ ਵਿੱਚ ਤਿੰਨ ਟੈਂਟ ਸਿਟੀਆਂ ਗੁਰੂ ਨਾਨਕ ਨਗਰ-1, ਗੁਰੂ ਨਾਨਕ ਨਗਰ-2 ਅਤੇ ਗੁਰੂ ਨਾਨਕ ਨਗਰ-3 ਪਿੰਡ ਮਾਛੀਜੋਆ, ਬਹਿਬਲ ਬਹਾਦਰ (ਲੋਹੀਆਂ ਰੋਡ) ਅਤੇ ਰਣਧੀਪੁਰ ਵਿਖੇ ਬਣਾਈਆਂ ਗਈਆਂ ਹਨ।
ਇਨਾਂ ਟੈਂਟ ਸਿਟੀਆਂ ਨੂੰ ਬਣਾਉਣ ਦਾ ਮੁੱਖ ਮੰਤਵ ਇਹ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੀ ਸੰਗਤ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਵਧੀਆ ਰਿਹਾਇਸ਼ ਮੁਹੱਈਆ ਕਰਵਾਈ ਜਾ ਸਕੇ।
35000 ਦੀ ਸਮਰੱਥਾ ਵਾਲੀਆਂ ਅਤਿ ਆਧੁਨਿਕ ਤਕਨੀਕ ਨਾਲ ਬਣਾਈਆਂ ਗਈਆਂ ਇਹ ਤਿੰਨੋਂ ਟੈਂਟ ਸਿਟੀਆਂ ਸ਼ਰਧਾਲੂਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਜਿਸ ਵਿੱਚ ਪੰਜਾਬ ਸਰਕਾਰ ਵਲੋਂ ਮੁਫ਼ਤ ਰਿਹਾਇਸ਼ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਇਨਾਂ ਤਿੰਨ ਸਿਟੀਆਂ ਵਿੱਚ ਦੋ ਬੈਡ ਕਿਊਬੀਕਲ, ਚਾਰ ਬੈਡ ਕਿਊਬੀਕਲ, 15 ਅਤੇ 60 ਬੈਡ ਡੋਰਮਿਟਰੀ ਬਣਾਈਆਂ ਗਈਆਂ ਹਨ ਜਿਨਾਂ ਨੇ ਸ਼ਰਧਾਲੂਆਂ ਨੂੰ ਅਪਣੇ ਵੱਲ ਆਕਰਸ਼ਿਤ ਕੀਤਾ।
ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ.ਖਰਬੰਦਾ ਨੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੀ ਸੰਗਤ ਨੂੰ ਹਰ ਤਰਾਂ ਦੀ ਅਰਾਮਦਾਇਕ ਤੇ ਬਿਲਕੁਲ ਮੁਫ਼ਤ ਰਿਹਾਇਸ਼ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣਾ ਪਹਿਲਾ ਉਦੇਸ਼ ਸੀ ਤਾਂ ਕਿ ਸੰਗਤ ਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।