ਕੇਂਦਰੀ ਸਿਹਤ ਮੰਤਰੀ ਨੇ ਰਸਮੀ ਪ੍ਰਸਤਾਵ ਪੇਸ਼ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ
ਚੰਡੀਗੜ, 16 ਜੁਲਾਈ-
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਪੰਜਾਬ ਵਿੱਚ ਦੂਜੇ ਏਮਜ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਇਤਿਹਾਸਕ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਨ ਬਾਰੇ ਸੂਬੇ ਤੋਂ ਵਿਸਤਿ੍ਰਤ ਪ੍ਰਸਤਾਵ ਦੀ ਮੰਗ ਕੀਤੀ ਹੈ। ਕੇਂਦਰੀ ਸਿਹਤ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਬੇਨਤੀ ਦੇ ਸੰਦਰਭ ਵਿੱਚ ਇਹ ਪ੍ਰਸਤਾਵ ਮੰਗਿਆ ਹੈ।
ਮੁੱਖ ਮੰਤਰੀ ਨੇ ਅੱਜ ਇਥੇ ਇੱਕ ਮੀਟਿੰਗ ਦੌਰਾਨ ਡਾ. ਵਰਧਨ ਕੋਲ ਇਹ ਮੁੱਦਾ ਉਠਾਇਆ। ਉਨਾਂ ਦੱਸਿਆ ਕਿ ਕੇਂਦਰੀ ਸਿਹਤ ਅਤੇ ਵਿੱਤ ਮੰਤਰੀਆਂ ਨੂੰ ਭੇਜੇ ਵੱਖ ਪੱਤਰਾਂ ’ਚ ਪੰਜਾਬ ’ਚ ਦੂਜੇ ਏਮਜ਼ ਨੂੰ ਇਸ ਵਿਸ਼ੇਸ਼ ਮੌਕੇ ਸਮਰਪਿਤ ਕਰਨ ਲਈ ਕੇਂਦਰ ਤੋਂ ਆਗਿਆ ਦੀ ਮੰਗ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਨੇ ਕੇਂਦਰੀ ਬਜਟ ਜਾਰੀ ਹੋਣ ਤੋਂ ਬਾਅਦ ਇਸ ਮਾਮਲੇ ’ਤੇ ਵਿਚਾਰ ਦਾ ਭਰੋਸਾ ਦਿਵਾਇਆ ਸੀ।
ਪਹਿਲਾ ਏਮਜ਼ ਬਠਿੰਡਾ ਵਿਖੇ ਪਹਿਲਾਂ ਹੀ ਤਿਆਰ ਕੀਤਾ ਜਾ ਰਿਹਾ ਹੈ। ਪੰਜਾਬ ਨੇ ਦੂਜੇ ਏਮਜ਼ ਦਾ ਪ੍ਰਸਤਾਵ ਲੁਧਿਆਣਾ ਜਾਂ ਜਲੰਧਰ ਵਿਖੇ ਕੀਤਾ ਹੈ। ਕੇਂਦਰੀ ਸਿਹਤ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 250 ਕਰੋੜ ਰੁਪਏ ਦੀ ਲਾਗਤ ਵਾਲੀ ਜਲੰਧਰ ਵਿਖੇ ਪਿੰਮਜ (ਪੀ.ਆਈ.ਐਮ.ਐਸ) ਇਮਾਰਤ ਨੂੰ ਇਸ ਮਕਸਦ ਲਈ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਉਨਾਂ ਕਿਹਾ ਕਿ ਏਮਜ਼ ਦੇ ਬਠਿੰਡਾ ਪ੍ਰਾਜੈਕਟ ਲਈ ਸੂਬਾ ਸਰਕਾਰ ਵੱਲੋਂ ਸਾਰੀਆਂ ਪ੍ਰਵਾਨਗੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਇਸ ਸਬੰਧ ਵਿੱਚ ਕੁਝ ਵੀ ਲੰਬਿਤ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਡਾ. ਵਰਧਨ ਨੇ ਇਸ ਪ੍ਰਸਤਾਵ ਨੂੰ ਪ੍ਰਾਪਤ ਕਰਨ ਤੋਂ ਬਾਅਦ ਇਸ ਮੰਗ ਬਾਰੇ ਵਿਚਾਰ ਕਰਨ ਦਾ ਭਰੋਸਾ ਦਿਵਾਇਆ। ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਨੂੰ ਕੇਂਦਰੀ ਸਿਹਤ ਸਕੱਤਰ ਕੋਲ ਇਹ ਮਾਮਲਾ ਅੱਗੇ ਖੜਨ ਲਈ ਆਖਿਆ ਹੈ।
ਮੁੱਖ ਮੰਤਰੀ ਨੇ ਫਿਰੋਜ਼ਪੁਰ ਵਿਖੇ ਪੀ.ਜੀ.ਆਈ ਸੈਟੇਲਾਈਟ ਸੈਂਟਰ ਦੀ ਪ੍ਰਵਾਨਗੀ ਬਾਰੇ ਵੀ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਹੈ। ਸੂਬਾ ਸਰਕਾਰ ਨੇ ਇਸ ਸਬੰਧ ਵਿੱਚ ਜ਼ਮੀਨ ਪੀ.ਜੀ.ਆਈ ਨੂੰ ਤਬਦੀਲ ਕਰ ਦਿੱਤੀ ਹੈ ਪਰ ਇਸ ਬਾਰੇ ਫਾਈਲ ਕੇਂਦਰੀ ਸਿਹਤ ਮੰਤਰਾਲੇ ਕੋਲ ਪ੍ਰਵਾਨਗੀ ਲਈ ਲੰਬਿਤ ਪਈ ਹੋਈ ਹੈ। ਮੁੱਖ ਮੰਤਰੀ ਦੇ ਅਨੁਸਾਰ ਫਿਰੋਜ਼ਪੁਰ ਇਕ ਸਰਹੱਦੀ ਜ਼ਿਲਾ ਹੈ। ਵਿਕਾਸ ਦੇ ਲਈ ਨੀਤੀ ਆਯੋਗ ਵੱਲੋਂ ਚੁਣੇ ਗਏ 120 ਪਿਛੜੇ ਜ਼ਿਲਿਆਂ ਵਿੱਚੋ ਇਹ ਇੱਕ ਹੈ।
ਇਸ ਦੌਰਾਨ ਨਸ਼ਿਆਂ ਦੀ ਸਮੱਸਿਆ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਨਸ਼ਿਆਂ ਬਾਰੇ ਰਾਸ਼ਟਰੀ ਨੀਤੀ ਦੀ ਮੰਗ ਦੋਹਰਾਈ। ਉਨਾਂ ਦੱਸਿਆ ਕਿ ਏਮਜ਼ ਦਿੱਲੀ ਨੂੰ ਸੂਬੇ ਵੱਲੋਂ ਓ.ਓ.ਏ.ਟੀ ਕਲੀਨਿਕਾਂ ਵਿੱਚ ਦਿੱਤੀ ਜਾ ਰਹੀ ਬੁਪਰੇਨੋਰਫਿਨ ਅਤੇ ਨੈਲੇਕਸਜੋਨ ਥੈਰੇਪੀ ਦੀ ਪ੍ਰਸ਼ੰਸਾ ਕੀਤੀ । ਉਨਾਂ ਨੇ ਸੂਬਾ ਸਰਕਾਰ ਵੱਲੋਂ ਪੇਸ਼ ਕੀਤੀ ਜਾ ਰਹੀ ਥੈਰੇਪੀ ਨੂੰ ਭਾਰਤ ਸਰਕਾਰ ਦੀ ਓ.ਐਸ.ਟੀ (ਓਪੀਓਡ ਸਬਸਟਿਚਿੳੂਸ਼ਨ ਥੈਰੇਪੀ) ਦੇ ਨਾਲ ਜੋੜਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੇ ਨਸ਼ਿਆਂ ਦੇ ਇਲਾਜ ਲਈ ਕੇਂਦਰੀ ਸਹਾਇਤਾ ਦੀ ਮੰਗ ਕੀਤੀ। ਇਸ ਸਬੰਧ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਉਨਾਂ ਦਾ ਵਿਭਾਗ ਸੂਬੇ ਦੀਆਂ ਕੋਸ਼ਿਸ਼ਾਂ ਦੀ ਮਦਦ ਕਰਕੇ ਖੁਸ਼ ਹੋਵੇਗਾ।